ਬਲਜੀਤ ਸਿੰਘ
ਸਰਦੂਲਗੜ੍ਹ, 26 ਦਸੰਬਰ
ਹਲਕਾ ਸਰਦੂਲਗੜ੍ਹ ਦੇ ਪਿੰਡ ਰਾਮਾਨੰਦੀ ਦੇ ਕਿਸਾਨ ਕਰਮਜੀਤ ਸਿੰਘ (47) ਨੇ ਆਰਥਿਕ ਤੰਗੀ ਕਰ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਕੋਲ ਚਾਰ ਏਕੜ ਜ਼ਮੀਨ ਸੀ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਇਸ ਵਾਰ ਉਸ ਦੀ ਨਰਮੇ ਦੀ ਸਾਰੀ ਫ਼ਸਲ ਗੁਲਾਬੀ ਸੁੰਡੀ ਕਾਰਨ ਬਰਬਾਦ ਹੋ ਗਈ ਸੀ ਜਿਸ ਕਰ ਕੇ ਉਹ ਪ੍ਰੇਸ਼ਾਨ ਸੀ। ਕਰਮਜੀਤ ਨੇ ਘਰ ਵਿਚ ਹੀ ਕੀਟਨਾਸ਼ਕ ਦਵਾਈ ਪੀ ਲਈ ਸੀ। ਪਤਾ ਲੱਗਣ ’ਤੇ ਪਰਿਵਾਰਕ ਮੈਬਰ ਉਸ ਨੂੰ ਮਾਨਸਾ-ਬਠਿੰਡਾ ਅਤੇ ਲੁਧਿਆਣਾ ਦੇ ਹਸਪਤਾਲਾਂ ਵਿਚ ਲੈ ਕੇ ਗਏ ਪਰ ਉਸ ਦੀ ਜਾਨ ਨਹੀਂ ਬਚਾਅ ਸਕੇ। ਕਰਮਜੀਤ ਦੇ ਸਿਰ ’ਤੇ 6.70 ਲੱਖ ਰੁਪਏ ਦਾ ਬੈਂਕ ਕਰਜ਼ਾ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ ਸੁਖਪਾਲ ਕੌਰ, ਪੁੱਤਰ ਅਰਸ਼ਦੀਪ ਸਿੰਘ (17) ਅਤੇ ਇਕ ਧੀ ਜਸਪ੍ਰੀਤ ਕੌਰ (19) ਛੱਡ ਗਿਆ ਹੈ। ਥਾਣਾ ਜੌੜਕੀਆਂ ਦੀ ਪੁਲੀਸ ਨੇ ਕਰਮਜੀਤ ਸਿੰਘ ਦੀ ਪਤਨੀ ਸੁਖਪਾਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਉੱਧਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਆਗੂ ਉੱਤਮ ਸਿੰਘ ਰਾਮਾਂ ਨੰਦੀ, ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਅਤੇ ਮਨਜੀਤ ਸਿੰਘ ਰਾਮਾਂ ਨੰਦੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਉਸ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ। ਇਸ ਤੋਂ ਇਲਾਵਾ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।