ਦਲਬੀਰ ਸੱਖੋਵਾਲੀਆ
ਬਟਾਲਾ, 23 ਮਈ
ਇੱਥੋਂ ਦਾ ਇੰਜਨੀਅਰ ਬਲਵਿੰਦਰ ਸਿੰਘ ਤਾਲਾਬੰਦੀ ਦੌਰਾਨ ਨੌਕਰੀਆਂ ਖੁੱਸਣ ਕਰਕੇ ਹਿੰਮਤ ਹਾਰ ਰਹੇ ਲੋਕਾਂ ਲਈ ਮਿਸਾਲ ਬਣਿਆ ਹੈ। ਗੁਰੂਗ੍ਰਾਮ ਦੀ ਕੰਪਨੀ ’ਚੋਂ ਨੌਕਰੀ ਚਲੇ ਜਾਣ ’ਤੇ ਬਲਵਿੰਦਰ ਸਿੰਘ ਨੇ ਆਪਣੇ ਪਰਿਵਾਰ ਦੇ ਸੱਤ ਜੀਆਂ ਦੇ ਪਾਲਣ ਪੋਸ਼ਣ ਲਈ ਹੋਮ ਡਲਿਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜਦੋਂ ਬਲਵਿੰਦਰ ਨੂੰ ਨੌਕਰੀ ਤੋਂ ਜਵਾਬ ਮਿਲਿਆ ਤਾਂ ਉਹ ਗੁਰੂਗ੍ਰਾਮ ਤੋਂ ਬਟਾਲਾ ਆ ਗਿਆ। ਇੱਥੇ ਜ਼ਿਆਦਾ ਜਾਣ-ਪਛਾਣ ਨਾ ਹੋਣ ਕਾਰਨ ਉਸ ਨੂੰ ਕਿਤੇ ਵੀ ਕੰਮ ਨਾ ਮਿਲਿਆ। ਇਸ ਦੌਰਾਨ ਬਲਵਿੰਦਰ ਦੀ ਵੱਡੀ ਲੜਕੀ ਗੁਰਵਿੰਦਰ ਕੌਰ ਨੇ ਆਪਣੇ ਪਿਤਾ ਨੂੰ ਹੌਸਲਾ ਦਿੰਦਿਆਂ ਸੋਸ਼ਲ ਮੀਡੀਆ ਰਾਹੀਂ ਕੰਮ ਸ਼ੁਰੂ ਕਰਨ ਦੀ ਸਲਾਹ ਦਿੱਤੀ। ਉਸ ਦੀ ਸਲਾਹ ’ਤੇ ਉਨ੍ਹਾਂ ‘ਬੱਲੇ ਬੱਲੇ ਫੂਡ’ ਨਾਮਕ ਇੱਕ ਪੇਜ ਬਣਾ ਕੇ ਛੋਲੇ-ਭਟੂਰਿਆਂ ਅਤੇ ਹੋਰ ਖਾਣ ਦੀਆਂ ਚੀਜ਼ਾਂ ਦੀ ਹੋਮ ਡਲਿਵਰੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਕਾਰਜ ਨੂੰ ਕੁਝ ਦਿਨਾਂ ਵਿੱਚ ਹੀ ਚੰਗਾ ਹੁੰਗਾਰਾ ਮਿਲਣ ਲੱਗ ਪਿਆ। ਧੀ ਵ੍ਹਟਸਐਪ ਜ਼ਰੀਏ ਆਰਡਰ ਬੁੱਕ ਕਰਦੀ ਹੈ। ਉਸ ਦੀ ਮਾਂ ਖਾਣਾ ਤਿਆਰ ਕਰਦੀ ਅਤੇ ਬਲਵਿੰਦਰ ਲੋਕਾਂ ਦੇ ਘਰ ਖਾਣਾ ਪਹੁੰਚਾਉਂਦਾ ਹੈ।
ਬਲਵਿੰਦਰ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਨੇ ਕਿਰਤ ਨੂੰ ਪਹਿਲ ਦਿੱਤੀ ਹੈ। ਕੋਈ ਵੀ ਕੰਮ ਛੋਟਾ-ਵੱਡਾ ਨਹੀਂ ਹੁੰਦਾ। ਜਦੋਂ ਕੋਈ ਕੰਮ ਨੇਕ ਭਾਵਨਾ ਅਤੇ ਇਮਾਨਦਾਰੀ ਨਾਲ ਕੀਤਾ ਜਾਂਦਾ ਹੈ ਤਾਂ ਉਸ ’ਚ ਸਫਲਤਾ ਜ਼ਰੂਰ ਮਿਲਦੀ ਹੈ। ਉਸ ਨੇ ਕਿਹਾ ਕਿ ਉਸ ਵੱਲੋਂ ਸ਼ੁਰੂ ਕੀਤੇ ਗਏ ਕੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਸ ਨੇ ਭਵਿੱਖ ਵਿੱਚ ਰੈਸਤਰਾਂ ਖੋਲ੍ਹਣ ਦੀ ਉਮੀਦ ਜਤਾਈ।