ਪਾਲ ਸਿੰਘ ਨੌਲੀ
ਜਲੰਧਰ, 2 ਨਵੰਬਰ
ਇਥੇ 30ਵਾਂ ਮੇਲਾ ਗ਼ਦਰੀ ਬਾਬਿਆਂ ਦਾ ਨਾਟਕਾਂ ਤੇ ਗੀਤਾਂ ਭਰੀ ਰਾਤ ’ਚੋਂ ਲੰਘਦਿਆਂ ਸ਼ਾਂਤ ਸਰਘੀ ਵੇਲੇ ਸੂਹੇ ਸੰਘਰਸ਼ ਦਾ ਸੱਦਾ ਦੇ ਗਿਆ। ਗ਼ਦਰੀ ਬਾਬਿਆਂ ਦੇ ਮੇਲੇ ਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਨੇ ਸੁਨੇਹਾ ਦਿੱਤਾ ਕਿ ਰੰਗਮੰਚ ਲੋਕਾਂ ਦੀ ਜ਼ਿੰਦਗੀ ਦਾ ਮਾਰਗ ਦਰਸ਼ਕ ਹੈ।
ਗੁਰਸ਼ਰਨ ਭਾਅ ਜੀ ਦੇ ਲਿਖੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਏਕੱਤਰ ਦੁਆਰਾ ਨਿਰਦੇਸ਼ਤ ਬੱਬਰ ਅਕਾਲੀ ਲਹਿਰ ਸਬੰਧੀ ਨਾਟਕ ‘ਸੀਸ ਤਲੀ ’ਤੇ’ ਨੇ ਦਰਸਾਇਆ ਕਿ ਕਿਵੇਂ ਬੱਬਰ ਸੂਰਮੇ ਮੁਲਕ ਦੀ ਆਜ਼ਾਦੀ ਲਈ ਸਭ ਕੁਝ ਕੁਰਬਾਨ ਕਰ ਗਏ। ਫੁਲਵਾੜੀ ਕਲਾ ਕੇਂਦਰ ਲੋਹੀਆਂ (ਜਗੀਰ ਜੋਸ਼ਨ) ਦੁਆਰਾ ਰਚਿਤ ਅਤੇ ਨਿਰਦੇਸ਼ਤ ਬੋਲੀਆਂ ਪਾਉਂਦੀਆਂ ਕੁੜੀਆਂ ਤੇ ਮੁੰਡਿਆਂ ਦੇ ਵਿਸ਼ਾਲ ਕਾਫ਼ਲੇ ਨੇ ਜਾਗੋ ਕੱਢੀ।
ਇਸੇ ਦੌਰਾਨ ਪ੍ਰੋ. ਅਜਮੇਰ ਸਿੰਘ ਔਲਖ ਦਾ ਨਾਟਕ, ਲੋਕ ਕਲਾ ਮੰਚ ਮਾਨਸਾ ਦੇ ਕਲਾਕਾਰਾਂ ਨੇ ਖੇਤੀ ਖੇਤਰ ਅੰਦਰ ਮੱਕੜ ਜਾਲ ਵਿਛਾ ਕੇ ਕਿਸਾਨਾਂ-ਮਜ਼ਦੂਰਾਂ ਨੂੰ ਕੰਗਾਲੀ ਦੇ ਮੂੰਹ ਵੱਲ ਧੱਕਣ ਖ਼ਿਲਾਫ਼ ਸੰਘਰਸ਼ ਨੂੰ ਹੀ ਇੱਕੋ ਇੱਕ ਸਵੱਲੜਾ ਰਾਹ ਦੱਸਿਆ। ਕੇਵਲ ਧਾਲੀਵਾਲ ਦੀ ਰਚਨਾ ਅਤੇ ਨਿਰਦੇਸ਼ਨਾ ’ਚ ਰੰਗਮੰਚ ਅੰਮ੍ਰਿਤਸਰ ਨੇ ਖ਼ੂਨੀ ਵਿਸਾਖੀ ਨਾਟਕ ’ਚ ਜੱਲ੍ਹਿਆਂ ਵਾਲਾ ਬਾਗ਼ ਦੀ ਕੌਮੀ ਵਿਰਾਸਤ ਨੂੰ ਸੈਰਗਾਹ ਬਣਾ ਧਰਨ ’ਤੇ ਕਟਾਖਸ਼ ਕਰਦਿਆਂ ਲਹੂ ਰੱਤੇ ਬਾਗ਼ ਦੀ ਇਤਿਹਾਸਕ ਵਿਰਾਸਤ ਦਾ ਸਰੂਪ ਬਹਾਲ ਕਰਨ ’ਤੇ ਜ਼ੋਰ ਦਿੱਤਾ।
ਡਾ. ਸਾਹਿਬ ਸਿੰਘ ਦੇ ਲਿਖੇ ਅਤੇ ਨਿਰਦੇਸ਼ਿਤ ਨਾਟਕ ‘ਧੰਨ ਲਿਖਾਰੀ ਨਾਨਕਾ’ ਦੀ ਪੇਸ਼ਕਾਰੀ ਨੂੰ ਲੋਕਾਂ ਨੇ ਪਲ ਪਲ ਤਾੜੀਆਂ ਦੀ ਗੂੰਜ ਨਾਲ ਮਾਣਿਆ। ਸ਼ਬਦੀਸ਼ ਦੁਆਰਾ ਇਟਲੀ ਦੇ ਨਾਟਕਕਾਰ ਦਾਰੀਓ ਫੋ ਦੁਆਰਾ ਲਿਖੇ ਨਾਟਕਾਂ ਨੂੰ ਪੰਜਾਬੀ ਲਬਿਾਸ ’ਚ ‘ਏਦਾਂ ਤਾਂ ਫਿਰ ਏਦਾਂ ਸਹੀ’ ਨਾਂ ਤਹਿਤ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ’ਚ ਪੇਸ਼ ਕੀਤਾ ਗਿਆ। ਸਾਡੇ ਮੁਲਕ ਦੀ ਜਨਤਕ ਵੰਡ ਪ੍ਰਣਾਲੀ ਖ਼ਤਮ ਕਰ ਕੇ ਕਾਰਪੋਰੇਟ ਘਰਾਣਿਆਂ ਦੀ ਖਾਧ ਪਦਾਰਥਾਂ ਤੇ ਅਜ਼ਾਰੇਦਾਰੀ ਖ਼ਿਲਾਫ਼ ਲੜਨ ਲਈ ਨਵਾਂ ਰਾਹ ਪੇਸ਼ ਕੀਤਾ।
ਡਾ. ਬਲਜਿੰਦਰ ਨਸਰਾਲੀ ਦੀ ਕਹਾਣੀ ’ਤੇ ਆਧਾਰਿਤ ਸੈਮੂਅਲ ਜੌਹਨ ਦੁਆਰਾ ਲਿਖਿਆ ਨਾਟਕ ‘ਘਸਿਆ ਹੋਇਆ ਆਦਮੀ’ ਸ਼ੈਰੀ ਅਤੇ ਪਵੇਲ ਸਿਹੌੜਾ ਦੀ ਨਿਰਦੇਸ਼ਨਾ ’ਚ ‘ਅਵਾਮੀ ਰੰਗਮੰਚ ਸਿਉੜਾ’ ਵੱਲੋਂ ਪੇਸ਼ ਕਰ ਕੇ ਬੇਜ਼ਮੀਨੇ ਕਾਮਿਆਂ ਦਾ ਹੋਕਾ ਦਿੱਤਾ। ਅਵਤਾਰ ਚੜਿੱਕ, ਇਕਬਾਲ ਭੰਡਾਂ ਦੇ ਜਥੇ ਨੇ ਤਿੱਖੇ ਵਿਅੰਗ ਕੱਸ ਕੇ ਬਾਜ਼ਾਰ ਬਣੀ ਹਾਕਮ ਸਿਆਸਤ ਦਾ ਪਰਦਾਫਾਸ਼ ਕੀਤਾ। ਮੰਚ ਸੰਚਾਲਨ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।