ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਜੁਲਾਈ
ਆਨਲਾਈਨ ਠੱਗਾਂ ਵੱਲੋਂ ਹੁਣ ਪੰਜਾਬ ਰਾਜ ਬਿਜਲੀ ਨਿਗਮ ਦੇ ਨਾਂ ’ਤੇ ਠੱਗੀ ਮਾਰੀ ਜਾ ਰਹੀ ਹੈ। ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਰਾਜ ਬਿਜਲੀ ਨਿਗਮ ਨੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਜਨਤਕ ਸੂਚਨਾ ਵੀ ਜਾਰੀ ਕੀਤੀ ਹੈ। ਠੱਗੀ ਮਾਰਨ ਵਾਲਿਆਂ ਵੱਲੋਂ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਬਾਰੇ ਵ੍ਹਟਸਐਪ ਮੈਸੇਜ ਭੇਜੇ ਜਾ ਰਹੇ ਹਨ। ਅਜਿਹੇ ਸੁਨੇਹਿਆਂ ਵਿੱਚ ਖਪਤਕਾਰਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਅਤੇ ਅੱਜ ਰਾਤ ਨੂੰ ਉਨ੍ਹਾਂ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਉਹ ਖਪਤਕਾਰਾਂ ਨੂੰ ਹੇਠ ਦਿੱਤੇ ਨੰਬਰ ’ਤੇ ਸੰਪਰਕ ਕਰਨ ਲਈ ਕਹਿੰਦੇ ਹਨ। ਇਹ ਦੋਵੇਂ ਨੰਬਰ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਦੇ ਹਨ। ਸੰਪਰਕ ਕਰਨ ’ਤੇ ਠੱਗੀ ਮਾਰਨ ਵਾਲੇ ਆਪਣੇ ਆਪ ਨੂੰ ਬਿਜਲੀ ਬੋਰਡ ਦੇ ਮੁਲਾਜ਼ਮ ਦੱਸਦੇ ਹਨ। ਬਿਜਲੀ ਬਿੱਲ ਅਪਡੇਟ ਕਰਨ ਲਈ ਖਪਤਕਾਰਾਂ ਨੂੰ ਐਨੀਡੈਸਕ ਆਦਿ ਐਪ ਨੂੰ ਡਾਊਨਲੋਡ ਕਰਨ ਲਈ ਵੀ ਆਖਿਆ ਜਾਂਦਾ ਹੈ। ਭੁਲੇਖੇ ਵਿੱਚ ਆਏ ਖਪਤਕਾਰ ਬਿਜਲੀ ਕੁਨੈਕਸ਼ਨ ਕੱਟੇ ਜਾਣ ਦੇ ਡਰ ਕਾਰਨ ਇਨ੍ਹਾਂ ਆਨਲਾਈਨ ਠੱਗੀ ਮਾਰਨ ਵਾਲਿਆਂ ਦਾ ਸ਼ਿਕਾਰ ਬਣ ਰਹੇ ਹਨ। ਬਿਜਲੀ ਨਿਗਮ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਜਨਤਕ ਸੂਚਨਾ ਵਿੱਚ ਬਿਜਲੀ ਖਪਤਕਾਰਾਂ ਨੂੰ ਅਜਿਹੇ ਠੱਗੀ ਮਾਰਨ ਵਾਲੇ ਫੋਨਕਰਤਾਵਾ ਤੋਂ ਸੁਚੇਤ ਰਹਿਣ ਦੀ ਆਖਿਆ ਗਿਆ ਹੈ।