ਸੁਰਜੀਤ ਮਜਾਰੀ
ਬੰਗਾ, 28 ਜਨਵਰੀ
ਸਥਾਨਕ ਉਪ ਮੰਡਲ ਮੈਜਿਸਟ੍ਰੇਟ ਤੇ ਚੋਣ ਅਫ਼ਸਰ ਦੇ ਦਫ਼ਤਰ ਦੇ ਵਿਹੜੇ ਵਿੱਚ ਨਾਮਜ਼ਦਗੀ ਭਰਨ ਵਾਲੇ ਉਮੀਦਵਾਰਾਂ ਦੇ ਸਵਾਗਤ ਲਈ ਵਿਆਹ ਵਰਗੇ ਪ੍ਰਬੰਧ ਕੀਤੇ ਗਏ ਹਨ। ਉਮੀਦਵਾਰਾਂ ਨੂੰ ਖੁਸ਼ਆਮਦੀਦ ਕਹਿਣ ਲਈ ਰਾਹ ’ਚ ਗਲੀਚੇ ਵਿਛਾਏ ਗਏ ਹਨ। ਦਫ਼ਤਰ ਦੇ ਦਾਖਲੇ ’ਤੇ ਲੱਗੇ ਗੇਟ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ। ਚੋਣਾਂ ਨੂੰ ਮੇਲੇ ਵਰਗਾ ਮਾਹੌਲ ਦੇਣ ਦੇ ਮਿਸ਼ਨ ਤਹਿਤ ਕਲੀਆਂ ਨਾਲ ਵੇਲਾਂ ਵੀ ਵਾਹੀਆਂ ਗਈਆਂ ਹਨ ਤੇ ਉਮੀਦਵਾਰਾਂ ਲਈ ਚਾਹ-ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਉਮੀਦਵਾਰਾਂ ਦੀ ਆਮਦ ਲਈ ਸਿਵਲ ਤੇ ਪੁਲੀਸ ਕਰਮਚਾਰੀ ਪੱਬਾਂ ਭਾਰ ਹਨ।
ਦੂਜੇ ਪਾਸੇ ਇਹ ਉਪਰਾਲਾ ਕਰੋਨਾ ਕਰਕੇ ਲੱਗੀਆਂ ਪਾਬੰਦੀਆਂ ਨਾਲ ਉਦਾਸ ਹੋਏ ਉਮੀਦਵਾਰਾਂ ਲਈ ਦਿਲਾਸਾ ਦੇਣ ਪੱਖੋਂ ਵੀ ਕਾਰਗਰ ਸਿੱਧ ਹੋਵੇਗਾ। ਇੱਥੋਂ ਦੇ ਉੱਪ ਮੰਡਲ ਮੈਜਿਸਟ੍ਰੇਟ ਤੇ ਚੋਣਕਾਰ ਅਫ਼ਸਰ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਜਾਂ ਆਜ਼ਾਦ ਤੌਰ ’ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਸਵਾਗਤ ਲਈ ਇੱਕਸਾਰ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕਤੰਤਰ ਦੀ ਸੁਰੱਖਿਆ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਉਮੀਦਵਾਰ ਚੁਣਨ ਹਿੱਤ ਚੋਣਾਂ ਨੂੰ ਉਤਸਵ ਵਜੋਂ ਹੀ ਮਨਾਇਆ ਜਾਣਾ ਚਾਹੀਦਾ ਹੈ। ਮਿਲੀ ਜਾਣਕਾਰੀ ਅਨੁਸਾਰ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਮਿਤੀ ਤੱਕ ਸਾਰਾ ਮਾਹੌਲ ਇੰਜ ਹੀ ਸਜਿਆ ਰਹੇਗਾ।