ਚਰਨਜੀਤ ਭੁੱਲਰ
ਚੰਡੀਗੜ੍ਹ, 21 ਜਨਵਰੀ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਮੁਖੀ ਰਹਿ ਚੁੱਕੇ ਆਈ.ਪੀ.ਐੱਸ ਅਧਿਕਾਰੀ ਰਾਕੇਸ਼ ਅਗਰਵਾਲ ਦੀ ਪਟਿਆਲਾ ਵਿੱਚ ਆਈਜੀ ਵਜੋਂ ਤਾਇਨਾਤੀ ਦੇ ਮਾਮਲੇ ਵਿੱਚ ਗ੍ਰਹਿ ਵਿਭਾਗ ਪੰਜਾਬ ਤੋਂ ਰਿਪੋਰਟ ਮੰਗ ਲਈ ਹੈ| ਕੁੱਲ ਹਿੰਦ ਕਾਂਗਰਸ ਕਮੇਟੀ ਦੇ ਲੀਗਲ ਸੈੱਲ ਦੇ ਕੋਆਰਡੀਨੇਟਰ ਪ੍ਰਸ਼ਾਂਤ ਸ਼ਰਮਾ ਨੇ ਮੁੱਖ ਚੋਣ ਅਧਿਕਾਰੀ ਕੋਲ 20 ਜਨਵਰੀ ਨੂੰ ਆਈਜੀ ਪਟਿਆਲਾ ਦੀ ਲਿਖਤੀ ਸ਼ਿਕਾਇਤ ਕੀਤੀ ਸੀ |
ਮੁੱਖ ਚੋਣ ਅਧਿਕਾਰੀ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਗ੍ਰਹਿ ਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਇਸ ਮਾਮਲੇ ’ਤੇ 24 ਘੰਟਿਆਂ ਵਿਚ ਰਿਪੋਰਟ ਦੇਣ ਲਈ ਕਿਹਾ ਹੈ| ਚੇਤੇ ਰਹੇ ਕਿ ਚੋਣ ਕਮਿਸ਼ਨ ਵੱਲੋਂ ਆਈ.ਜੀ. ਪਟਿਆਲਾ ਮੁਖਵਿੰਦਰ ਸਿੰਘ ਛੀਨਾ ਦਾ ਤਬਾਦਲਾ ਕੀਤੇ ਜਾਣ ਮਗਰੋਂ ਆਈ.ਜੀ. ਰਾਕੇਸ਼ ਅਗਰਵਾਲ ਨੂੰ ਪਟਿਆਲਾ ਵਿਖੇ ਤਾਇਨਾਤ ਕੀਤਾ ਸੀ| ਚੋਣ ਕਮਿਸ਼ਨ ਨੇ ਹੋਰਨਾਂ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਸਨ| ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਦੋਂ ਰਾਕੇਸ਼ ਅਗਰਵਾਲ ਨੇ ਜ਼ਿਆਦਾ ਸਮਾਂ ਪਟਿਆਲਾ ਵਿਖੇ ਮੁੱਖ ਮੰਤਰੀ ਦੇ ਸੁਰੱਖਿਆ ਮੁਖੀ ਵਜੋਂ ਬਿਤਾਇਆ ਸੀ। ਕਾਂਗਰਸ ਨੇ ਕਿਹਾ ਹੈ ਕਿ ਆਈ.ਜੀ ਰਾਕੇਸ਼ ਅਗਰਵਾਲ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਰਹੀ ਹੈ ਅਤੇ ਉਨ੍ਹਾਂ ਦੀ ਤਾਇਨਾਤੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਸ਼ਿਕਾਇਤ ਵਿਚ ਇਹ ਗੱਲ ਆਖੀ ਗਈ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਇਸ ਅਧਿਕਾਰੀ ਵੱਲੋਂ ਡਿਊਟੀ ਨਿਭਾਈ ਜਾਣੀ ਹੈ ਅਤੇ ਉਹ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕਾਂਗਰਸ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੁਣ ਆਪਣੀ ਨਵੀਂ ਲੋਕ ਕਾਂਗਰਸ ਪਾਰਟੀ ਬਣਾ ਲਈ ਹੈ ਅਤੇ ਅਮਰਿੰਦਰ ਸਿੰਘ ਖ਼ੁਦ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਟਿਆਲਾ ਤੋਂ ਚੋਣ ਲੜ ਸਕਦੇ ਹਨ। ਉਨ੍ਹਾਂ ਕਿਹਾ ਕਿ ਆਈ.ਜੀ ਰਾਕੇਸ਼ ਅਗਰਵਾਲ ਦੀ ਤਾਇਨਾਤੀ ਦੌਰਾਨ ਪਟਿਆਲਾ ਵਿਚ ਨਿਰਪੱਖ ਤੇ ਸੁਤੰਤਰ ਚੋਣਾਂ ਸੰਭਵ ਨਹੀਂ ਹੋਣਗੀਆਂ, ਕਿਉਂਕਿ ਇਹ ਅਧਿਕਾਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ਵਾਲਾ ਅਧਿਕਾਰੀ ਹੈ। ਕਾਂਗਰਸ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਰਾਕੇਸ਼ ਅਗਰਵਾਲ ਦਾ ਤੁਰੰਤ ਪਟਿਆਲਾ ਤੋਂ ਦੂਰ ਦਾ ਤਬਾਦਲਾ ਕੀਤਾ ਜਾਵੇ। ਕਾਂਗਰਸ ਦੇ ਕੋਆਰਡੀਨੇਟਰ ਨੇ ਇਹ ਵੀ ਤਿੱਖੀ ਸੁਰ ਵਿਚ ਕਿਹਾ ਹੈ ਕਿ ਅਗਰ ਚੋਣ ਕਮਿਸ਼ਨ ਇਸ ’ਤੇ ਕੋਈ ਫ਼ੌਰੀ ਕਾਰਵਾਈ ਨਹੀਂ ਕਰਦਾ ਹੈ ਤਾਂ ਉਹ ਹਾਈਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ।