ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 28 ਜੁਲਾਈ
ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਮਲੋਟ ਕਤਲ ਕੇਸ ਵਿੱਚ ਨਾਮਜ਼ਦ ਅੱਠ ਮੁਲਜ਼ਮਾਂ ਨੂੰ ਪੰਜ-ਪੰਜ ਸਾਲ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ 23 ਅਕਤੂਬਰ 2015 ਦੀ ਰਾਤ ਨੂੰ ਪਰਮਜੀਤ ਸਿੰਘ ਜੀਕੇ ਹਸਪਤਾਲ ਕੋਲ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ। ਪੁਲੀਸ ਨੂੰ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਪਰਮਜੀਤ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਿਆ ਸੀ। ਉਥੇ ਸ਼ਰਾਬ ਪੀ ਕੇ ਪ੍ਰਿੰਸ ਬਜਾਜ ਤੇ ਸਾਥੀਆਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਪ੍ਰਿੰਸ ਬਜਾਜ, ਪੁਜਾਰੀ, ਰਵੀ ਕੁਮਾਰ, ਅਮਿਤ ਕੁਮਾਰ, ਪਵਨ ਕੁਮਾਰ, ਸੰਜੀਵ ਕੁਮਾਰ, ਰੌਸ਼ਨ ਲਾਲ ਤੇ ਗੌਰਵ ਬਜਾਜ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਮਾਮਲਾ ਅਦਾਲਤ ਹਵਾਲੇ ਕਰ ਦਿੱਤਾ ਸੀ ਤੇ ਅਦਾਲਤ ਨੇ ਅੱਜ ਉਨ੍ਹਾਂ ਨੂੰ ਸਜ਼ਾ ਸੁਣਾਈ।