ਲਖਵੀਰ ਸਿੰਘ ਚੀਮਾ
ਟੱਲੇਵਾਲ, 27 ਫਰਵਰੀ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿਚ ਪਾ ਦਿੱਤਾ ਹੈ। ਪੜ੍ਹਾਈ ਤਾਂ ਕੀ ਪੂਰੀ ਹੋਣੀ ਸੀ, ਹੁਣ ਜਾਨ ਬਚਾਉਣ ਦਾ ਵੀ ਖੌਅ ਬਣਿਆ ਹੋਇਆ ਹੈ। ਪਿੰਡ ਭੋਤਨਾ ਦੇ ਮਜ਼ਦੂਰ ਪਰਿਵਾਰ ਦੇ ਹਾਲਾਤ ਇਸ ਤੋਂ ਵੀ ਬਦਤਰ ਬਣ ਚੁੱਕੇ ਹਨ। ਪਹਿਲਾਂ ਆਪਣੇ ਪੁੱਤ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਚੁੱਕਿਆ ਅਤੇ ਹੁਣ ਕਰਜ਼ੇ ਦੇ ਨਾਲ ਪੁੱਤ ਦੀ ਜਾਨ ਦੀ ਫ਼ਿਕਰ ਵੀ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਭੋਤਨਾ ਦਾ ਸੰਦੀਪ ਸਿੰਘ ਅਕਤੂਬਰ 2021 ਵਿਚ ਯੂਕਰੇਨ ਗਿਆ ਸੀ ਪਰ ਹੁਣ ਰੂਸ ਨਾਲ ਲੱਗੀ ਜੰਗ ਨੇ ਪਿੰਡ ਰਹਿੰਦੇ ਪਰਿਵਾਰ ਦੇ ਸਾਹ ਸੂਤ ਦਿੱਤੇ ਹਨ। ਸੰਦੀਪ ਦੇ ਪਿਤਾ ਨਾਜ਼ਮ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰ ਕੇ ਘਰ ਦਾ ਪੇਟ ਪਾਲਦਾ ਹੈ। ਬੜੀ ਮੁਸ਼ਕਲ ਨਾਲ ਆਪਣੇ ਤਿੰਨ ਬੱਚੇ ਪੜ੍ਹਾਏ। ਤਿੰਨ ਲੱਖ ਦਾ ਕਰਜ਼ਾ ਚੁੱਕ ਕੇ 24 ਸਾਲਾ ਪੁੱਤ ਨੂੰ ਯੂਕਰੇਨ ਭੇਜਿਆ ਸੀ ਤਾਂ ਕਿ ਉਹ ਪੜ੍ਹ ਕੇ ਚੰਗੇ ਰੁਜ਼ਗਾਰ ’ਤੇ ਲੱਗੇ ਅਤੇ ਘਰ ਦੀ ਗਰੀਬੀ ਦੂਰ ਕਰੇ ਪਰ ਉਨ੍ਹਾਂ ਦੇ ਸਾਰੇ ਸੁਫ਼ਨੇ ਟੁੱਟ ਗਏ ਹਨ।
ਉਨ੍ਹਾਂ ਦੱਸਿਆ ਕਿ ਸੰਦੀਪ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਰਹਿ ਰਿਹਾ ਸੀ। ਬੜੀ ਮੁਸ਼ਕਲ ਨਾਲ ਉਹ ਹੁਣ ਪੋਲੈਂਡ ਦੀ ਸਰਹੱਦ ’ਤੇ ਪੁੱਜਿਆ ਹੈ। ਉਨ੍ਹਾਂ ਕਿਹਾ, ‘‘ਕਿਸੇ ਤਰੀਕੇ ਮੇਰਾ ਪੁੱਤ ਯੂਕਰੇਨ ’ਚੋਂ ਨਿਕਲ ਆਵੇ ਤਾਂ ਸੁੱਖ ਦਾ ਸਾਹ ਆਵੇ।’’