ਨਵੀਂ ਦਿੱਲੀ, 25 ਜਨਵਰੀ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੂੰ ਦੂਜਾ ਸੰਮਨ ਭੇਜ ਸਕਦੀ ਹੈ ਕਿਉਂਕਿ ਪਹਿਲੀ ਵਾਰ ਤਲਬ ਕਰਨ ਉਤੇ ਉਹ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਪੇਸ਼ ਨਹੀਂ ਹੋਇਆ। ਹਨੀ ਨੂੰ ਇਸ ਤੋਂ ਪਹਿਲਾਂ ਈਡੀ ਨੇ ਮਨੀ ਲਾਂਡਰਿੰਗ ਕੇਸ ਵਿਚ 23 ਜਨਵਰੀ ਨੂੰ ਤਲਬ ਕੀਤਾ ਸੀ। ਇਹ ਕੇਸ ਪੰਜਾਬ ਵਿਚ ਗ਼ੈਰਕਾਨੂੰਨੀ ਖ਼ਣਨ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ 18 ਜਨਵਰੀ ਨੂੰ ਈਡੀ ਨੇ ਦਸ ਵੱਖ-ਵੱਖ ਥਾਵਾਂ ਉਤੇ ਛਾਪੇ ਮਾਰੇ ਸਨ। ਹਨੀ ਦੀ ਰਿਹਾਇਸ਼ ਹੋਮਲੈਂਡਜ਼ ਹਾਈਟਸ ਉਤੇ ਵੀ ਛਾਪੇ ਮਾਰੇ ਗਏ ਸਨ। ਇਹ ਛਾਪੇ ਦੋ ਦਿਨ ਤੱਕ ਜਾਰੀ ਰਹੇ ਸਨ ਤੇ ਏਜੰਸੀ ਨੇ ਕੁਝ ਦਸਤਾਵੇਜ਼ ਜ਼ਬਤ ਕੀਤੇ ਸਨ। ਸੂਚਨਾ ਮੁਤਾਬਕ ਹਨੀ ਨੇ ਈਡੀ ਨੂੰ ਦੱਸਿਆ ਸੀ ਕਿ ਉਹ ਕੋਵਿਡ ਪਾਜ਼ੇਟਿਵ ਹੈ ਤੇ ਜਾਂਚ ਵਿਚ ਸ਼ਾਮਲ ਨਹੀਂ ਹੋ ਸਕਦਾ। ਸੋਮਵਾਰ ਈਡੀ ਦੇ ਅਧਿਕਾਰੀਆਂ ਨੇ ਹਨੀ ਦੇ ਕਾਰੋਬਾਰੀ ਭਾਈਵਾਲ ਕੁਦਰਤ ਦੀਪ ਸਿੰਘ ਦੇ ਬਿਆਨ ਵੀ ਦਰਜ ਕੀਤੇ ਸਨ। ਈਡੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਿਹੜੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ, ਉਹ ਗੈਰਕਾਨੂੰਨੀ ਖ਼ਣਨ, ਜਾਇਦਾਦ ਨਾਲ ਜੁੜੇ ਹੋਏ ਹਨ। 21 ਲੱਖ ਤੋਂ ਵੱਧ ਦਾ ਸੋਨਾ ਤੇ 12 ਲੱਖ ਦੀ ਘੜੀ ਉਤੇ 10 ਕਰੋੜ ਨਗ਼ਦ ਵੀ ਬਰਾਮਦ ਕੀਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਏਜੰਸੀ ਵੱਲੋਂ ਜ਼ਬਤ ਕੀਤੇ ਗਏ ਦਸਤਾਵੇਜ਼ ਪੁਸ਼ਟੀ ਕਰਦੇ ਹਨ ਕਿ ਕੁਦਰਤ ਦੀਪ ਸਿੰਘ ਦੋ ਕੰਪਨੀਆਂ ਚਲਾ ਰਿਹਾ ਸੀ ਤੇ ਭੁਪਿੰਦਰ ਸਿੰਘ ਹਨੀ ਇਨ੍ਹਾਂ ਵਿਚ ਜੁਆਇੰਟ ਡਾਇਰੈਕਟਰ ਸੀ। ਸੂਤਰਾਂ ਮੁਤਾਬਕ ਇਹ ਕੰਪਨੀਆਂ ਫ਼ਰਜ਼ੀ ਹਨ ਪਰ ਏਜੰਸੀ ਨੂੰ ਪੈਸਿਆਂ ਦਾ ਵੱਡਾ ਲੈਣ-ਦੇਣ ਮਿਲਿਆ ਹੈ। ਇਕ ਫਰਮ ‘ਪ੍ਰੋਵਾਈਡਰ ਓਵਰਸੀਜ਼ ਕੰਸਲਟੈਂਸੀ ਲਿਮਟਿਡ’ ਹੈ। ਇਹ 2018 ਵਿਚ ਬਣਾਈ ਗਈ ਸੀ ਤੇ 33.33 ਪ੍ਰਤੀਸ਼ਤ ਦੇ ਬਰਾਬਰ ਸ਼ੇਅਰ ਹਨ। ਈਡੀ ਆਉਣ ਵਾਲੇ ਦਿਨਾਂ ਵਿਚ ਭੁਪਿੰਦਰ ਸਿੰਘ ਹਨੀ ਨੂੰ ਦੂਜਾ ਨੋਟਿਸ ਭੇਜੇਗੀ। ਜਦਕਿ ਹੋਰਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਈਡੀ ਦਾ ਇਹ ਕੇਸ ਪੰਜਾਬ ਪੁਲੀਸ ਵੱਲੋਂ ਦੋ ਸਾਲ ਪਹਿਲਾਂ ਦਰਜ ਐਫਆਈਆਰ ਉਤੇ ਅਧਾਰਿਤ ਹੈ। ਇਸੇ ਤਹਿਤ ਕੇਂਦਰੀ ਏਜੰਸੀ ਨੇ ਛਾਪੇ ਮਾਰੇ ਸਨ। ਪੰਜਾਬ ਪੁਲੀਸ ਨੇ ਮਾਰਚ, 2018 ਵਿਚ ਕਈਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹਨੀ ਦਾ ਨਾਂ ਐਫਆਈਆਰ ਵਿਚ ਨਹੀਂ ਸੀ ਜਦਕਿ ਕੁਦਰਤ ਦੀਪ ਸਿੰਘ ਨੂੰ ਮਗਰੋਂ ਕਲੀਨ ਚਿੱਟ ਦੇ ਦਿੱਤੀ ਗਈ ਸੀ। -ਆਈਏਐਨਐੱਸ