ਪੱਤਰ ਪ੍ਰੇਰਕ
ਤਰਨ ਤਾਰਨ, 23 ਅਗਸਤ
ਬੀਐੱਸਐੱਫ ਨੇ ਅੱਜ ਸਰਹੱਦੀ ਖੇਤਰ ਵਿੱਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਦੋ ਗਰੋਹਾਂ ਦਾ ਪਰਦਾਫਾਸ਼ ਕੀਤਾ ਹੈ| ਬੀਐੱਸਐੱਫ ਦੀਆਂ ਟੁਕੜੀਆਂ ਨੇ ਕਾਰਵਾਈ ਕਰਦਿਆਂ ਵਾਂ ਤਾਰਾ ਸਿੰਘ ਦੇ ਪੰਜ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1.120 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਬਿਕਰਮਜੀਤ ਸਿੰਘ, ਨਿਰਮਲ ਸਿੰਘ, ਨਛੱਤਰ ਸਿੰਘ, ਪੰਜਾਬ ਸਿੰਘ ਅਤੇ ਰਾਜੂ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ ਦੀ 103 ਬਟਾਲੀਅਨ ਦੇ ਇੰਸਪੈਕਟਰ ਹਿੰਮਤ ਬੋਰੇ ਦੀ ਅਗਵਾਈ ਵਿੱਚ ਮੁਲਜ਼ਮਾਂ ਨੂੰ ਸਰਹੱਦ ’ਤੇ ਗੇਟ ਨੰਬਰ 140/01 ਨੇੜਿਓਂ ਕਾਬੂ ਕਰਕੇ ਉਨ੍ਹਾਂ ਕੋਲੋਂ ਇਹ ਸਮੱਗਰੀ ਬਰਾਮਦ ਕੀਤੀ ਗਈ, ਜਿਹੜੀ ਮੁਲਜ਼ਮਾਂ ਨੇ ਆਪਣੀਆਂ ਚੱਪਲਾਂ ਹੇਠ ਲੁਕਾਈ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਨੌਸ਼ਹਿਰਾ ਢਾਲਾ ਦੇ ਇਕ ਕਿਸਾਨ ਤਰਸੇਮ ਸਿੰਘ ਦੇ ਖੇਤਾਂ ਵਿੱਚ ਦੱਬੀ 2.416 ਕਿਲੋ ਹੈਰੋਇਨ ਅਤੇ 30 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਹੈ।