ਚਰਨਜੀਤ ਭੁੱਲਰ
ਚੰਡੀਗੜ੍ਹ, 2 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਬਾਬਾ ਫ਼ਰੀਦ ’ਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦਰ ਦੇ ਅਸਤੀਫ਼ੇ ਵਾਲਾ ਵਿਵਾਦ ਜਲਦ ਨਬਿੇੜਨ ਦੇ ਰੌਂਅ ਵਿਚ ਹਨ। ਬੇਸ਼ਕ ਵਾਈਸ ਚਾਂਸਲਰ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਕੋਈ ਰਸਮੀ ਸੱਦਾ ਨਹੀਂ ਆਇਆ, ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਨੂੰ ਲਟਕਾਉਣਾ ਨਹੀਂ ਚਾਹੁੰਦੇ ਹਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਜਲਦੀ ਹੀ ਵਾਈਸ ਚਾਂਸਲਰ ਨੂੰ ਸੱਦਿਆ ਜਾ ਸਕਦਾ ਹੈ।
ਵਿਰੋਧੀ ਧਿਰਾਂ ਸਿੱਧੇ ਤੌਰ ’ਤੇ ਵਾਈਸ ਚਾਂਸਲਰ ਦੀ ਹਮਾਇਤ ਵਿਚ ਖੜ੍ਹ ਗਈਆਂ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਾਈਸ ਚਾਂਸਲਰ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਡਾਕਟਰ ਭਾਈਚਾਰੇ ਪ੍ਰਤੀ ਆਪਣੇ ਅਦਬ ਦਾ ਇਜ਼ਹਾਰ ਕੀਤਾ ਸੀ। ਸੋਸ਼ਲ ਮੀਡੀਆ ’ਤੇ ਪਿਛਲੇ ਦੋ ਦਿਨਾਂ ਤੋਂ ਇਸ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚ ਖੁੱਲ੍ਹੀ ਜੰਗ ਚੱਲ ਰਹੀ ਹੈ। ਇੱਕ ਪਾਸੇ ਫ਼ਰੀਦਕੋਟ ਖਿੱਤੇ ਦੇ ਲੋਕ ਹਨ ਜਿਨ੍ਹਾਂ ਵੱਲੋਂ ਸਿਹਤ ਮੰਤਰੀ ਦੇ ਕਦਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਵਾਈਸ ਚਾਂਸਲਰ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਦੂਜੀਆਂ ਧਿਰਾਂ ਵੱਲੋਂ ਵਾਈਸ ਚਾਂਸਲਰ ਦਾ ਪੱਖ ਲਿਆ ਜਾ ਰਿਹਾ ਹੈ। ਫ਼ਰੀਦਕੋਟ ਵਿਚ ਅੱਜ ਕੁਝ ਧਿਰਾਂ ਨੇ ਐਲਾਨ ਵੀ ਕਰ ਦਿੱਤਾ ਹੈ ਕਿ ਉਹ ਵਾਈਸ ਚਾਂਸਲਰ ਨੂੰ ਮੁੜ ਜੁਆਇਨ ਨਹੀਂ ਕਰਨ ਦੇਣਗੇ।
ਮੁੱਖ ਮੰਤਰੀ ਅਜਿਹੇ ਹਾਲਾਤ ਵਿੱਚ ਇਸ ਮਾਮਲੇ ਨੂੰ ਬਿਨਾਂ ਦੇਰੀ ਤੋਂ ਨਜਿੱਠਣਾ ਚਾਹੁੰਦੇ ਹਨ ਤਾਂ ਜੋ ਵਿਰੋਧੀ ਧਿਰਾਂ ਨੂੰ ਇਸ ’ਤੇ ਸਿਆਸਤ ਕਰਨ ਦਾ ਕੋਈ ਮੌਕਾ ਨਾ ਮਿਲ ਸਕੇ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਕੋਈ ਵਿਚਲਾ ਰਾਹ ਤਲਾਸ਼ ਰਹੀ ਹੈ ਜਿਸ ਨਾਲ ਦੋਵੇਂ ਧਿਰਾਂ ਦਾ ਮਾਣ-ਸਨਮਾਨ ਵੀ ਕਾਇਮ ਰਹਿ ਸਕੇ। ਅਹਿਮ ਸੂਤਰ ਦੱਸਦੇ ਹਨ ਕਿ ਡਾ. ਰਾਜ ਬਹਾਦਰ ਦੇ ਵਾਈਸ ਚਾਂਸਲਰ ਦੇ ਅਹੁਦੇ ’ਤੇ ਬਣੇ ਰਹਿਣ ਦੇ ਆਸਾਰ ਕਾਫ਼ੀ ਘੱਟ ਜਾਪਦੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਕੋਈ ਬਦਲਵਾਂ ਮੌਕਾ ਦੇ ਸਕਦੀ ਹੈ। ‘ਆਪ’ ਸਰਕਾਰ ਇਸ ਨੂੰ ਸਿਆਸੀ ਨਜ਼ਰੀਏ ਤੋਂ ਵੀ ਦੇਖ ਰਹੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਹਨ ਅਤੇ ਹਿਮਾਚਲ ਪ੍ਰਦੇਸ਼ ਦੇ ਬਾਸ਼ਿੰਦੇ ਡਾ.ਰਾਜ ਬਹਾਦਰ ਦੇ ਕੱਦ ਨੂੰ ਘਟਾਉਣਾ ਵੀ ਨਹੀਂ ਚਾਹੁੰਦੀ ਹੈ। ਕਾਂਗਰਸ ਹਾਈਕਮਾਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਿਮਾਚਲ ਪ੍ਰਦੇਸ਼ ਵਿਚ ਚੋਣ ਨਿਗਰਾਨ ਲਾਇਆ ਹੈ ਅਤੇ ਉਹ ਡਾ.ਰਾਜ ਬਹਾਦਰ ਦੇ ਮਾਮਲੇ ਨੂੰ ਹਿਮਾਚਲ ਚੋਣਾਂ ਵਿਚ ਸਿਆਸੀ ਮੁੱਦੇ ਵਜੋਂ ਵਰਤ ਸਕਦੇ ਹਨ। ਇਨ੍ਹਾਂ ਹਾਲਾਤ ਵਿਚ ‘ਆਪ’ ਸਰਕਾਰ ਜਿੱਥੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੀ ਦਰਜਾਬੰਦੀ ਘਟਾਉਣ ਦੇ ਰੌਂਅ ਵਿਚ ਨਹੀਂ ਹੈ, ਉੱਥੇ ਵਾਈਸ ਚਾਂਸਲਰ ਦੀ ਪੈਂਠ ਨੂੰ ਵੀ ਬਣਾਏ ਰੱਖਣਾ ਚਾਹੁੰਦੀ ਹੈ।
ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੀ ਗੱਡੀ, ਅਮਲਾ ਤੇ ਸਾਮਾਨ ਵਾਪਸ ਕੀਤਾ
ਫ਼ਰੀਦਕੋਟ(ਜਸਵੰਤ ਜੱਸ): ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਮਾੜੇ ਵਿਵਹਾਰ ਤੋਂ ਪੈਦਾ ਹੋਏ ਵਿਵਾਦ ਮਗਰੋਂ ਚੰਡੀਗੜ੍ਹ ਗਏ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਆਪਣੇ ਦਫ਼ਤਰ ਵਾਪਸ ਨਹੀਂ ਆਏ। ਉਨ੍ਹਾਂ 30 ਜੁਲਾਈ ਨੂੰ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਸੀ ਅਤੇ ਮੁੱਖ ਮੰਤਰੀ ਨੇ ਇਹ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕੀਤੀ ਸੀ। ਵਾਈਸ ਚਾਂਸਲਰ ਨੇ ਅੱਜ ਯੂਨੀਵਰਸਿਟੀ ਵਿੱਚ ਕੰਮ ’ਤੇ ਪਰਤਣ ਦੀ ਥਾਂ ਆਪਣੀ ਸਰਕਾਰੀ ਗੱਡੀ, ਗੰਨਮੈਨ, ਡਰਾਈਵਰ, ਲੈਪਟਾੱਪ ਅਤੇ ਮੋਬਾਈਲ ਫੋਨ ਯੂਨੀਵਰਸਿਟੀ ਵਾਪਸ ਭੇਜ ਦਿੱਤੇ ਹਨ। ਸੂਤਰਾਂ ਅਨੁਸਾਰ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਵਿੱਚ ਹੁਣ ਨਾ ਆਉਣ ਦਾ ਫੈਸਲਾ ਕੀਤਾ ਹੈ। ਇਸੇ ਕਰਕੇ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੀਆਂ ਸਹੂਲਤਾਂ ਅੱਜ ਚੰਡੀਗੜ੍ਹ ਤੋਂ ਵਾਪਸ ਫ਼ਰੀਦਕੋਟ ਭੇਜ ਦਿੱਤੀਆਂ। ਉਧਰ ਯੂਨੀਵਰਸਿਟੀ ਦੇ ਸੈਂਕੜੇ ਮੁਲਾਜ਼ਮ ਵਾਈਸ ਚਾਂਸਲਰ ਦੇ ਅਸਤੀਫੇ ਨੂੰ ਸਵੀਕਾਰ ਕਰਨ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਹਨ। ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਉਹ ਵਾਈਸ ਚਾਂਸਲਰ ਨੂੰ ਯੂਨੀਵਰਸਿਟੀ ਵਿੱਚ ਪ੍ਰਵੇਸ਼ ਨਹੀਂ ਕਰਨ ਦੇਣਗੇ। ਪੰਜਾਬ ਸਰਕਾਰ ਨੇ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਗੱਲਬਾਤ ਲਈ ਚੰਡੀਗੜ੍ਹ ਬੁਲਾਇਆ ਹੈ। ਸਿਹਤ ਮੰਤਰੀ ਬੁੱਧਵਾਰ ਨੂੰ ਯੂਨੀਵਰਸਿਟੀ ਮੁਲਾਜ਼ਮਾਂ ਨਾਲ ਗੱਲਬਾਤ ਕਰਨਗੇ।