ਜਗਮੋਹਨ ਸਿੰਘ/ਸੰਜੀਵ ਬੱਬੀ
ਰੂਪਨਗਰ/ਚਮਕੌਰ ਸਾਹਿਬ, 5 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਦੇ ਨਤੀਜੇ ਵਿੱਚ ਜ਼ਿਲ੍ਹਾ ਰੂਪਨਗਰ ਦੇ 12 ਵਿਦਿਆਰਥੀਆਂ ਨੇ ਮੈਰਿਟ ਵਿੱਚ ਥਾਂ ਬਣਾਈ ਹੈ।
ਇਨ੍ਹਾਂ ਵਿੱਚੋਂ 8 ਵਿਦਿਆਰਥੀ ਸਰਕਾਰੀ ਸਕੂਲਾਂ ਨਾਲ ਸਬੰਧਤ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੀ ਪਾਸ ਪ੍ਰਤੀਸ਼ਤਤਾ 99.23 ਪ੍ਰਤੀਸ਼ਤ ਰਹੀ ਹੈ ਤੇ 7312 ਵਿਦਿਆਰਥੀਆਂ ਵਿੱਚੋਂ 7256 ਵਿਦਿਆਰਥੀ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਹਿਮਾਲਿਆ ਸੀਨੀਅਰ ਸੈਕੰਡਰੀ ਸਕੂਲ ਮਜਾਫਤ ਦੀ ਅਰਸ਼ਪ੍ਰੀਤ ਕੌਰ ਨੇ 650 ਵਿਚੋਂ 639 ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਅਤੇ ਪੰਜਾਬ ਵਿਚੋਂ 5ਵਾਂ ਰੈਂਕ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਦੀ ਹਰਪ੍ਰੀਤ ਕੌਰ ਨੇ 637 ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚੋਂ ਦੂਜਾ ਤੇ ਪੰਜਾਬ ਵਿੱਚ 7ਵਾਂ ਰੈਂਕ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਰਾਮ ਲਾਲ ਨੇ 635 ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚੋਂ ਤੀਜਾ ਅਤੇ ਸੂਬੇ ਵਿਚੋਂ 9ਵਾਂ ਰੈਂਕ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਦੇ ਚਨੌਲੀ ਬਸੀ ਦੇ ਤਿੰਨ ਹੋਰ ਵਿਦਿਆਰਥੀ ਵੀ ਮੈਰਿਟ ਵਿੱਚ ਆਏ ਹਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੀ ਵਿਦਿਆਰਥਣ ਸੋਨਲਪ੍ਰੀਤ ਕੌਰ 632 ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚੋਂ 5ਵਾਂ ਤੇ ਸੂਬੇ ਵਿੱਚੋਂ 12ਵਾਂ ਰੈਂਕ ਪ੍ਰਾਪਤ ਕਰਨ ਵਿੱਚ ਸਫਲ ਹੋਈ ਹੈ, ਜੋ ਕਿ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਨ੍ਹਾਂ ਦੀ ਇਸ ਪ੍ਰਾਪਤੀ ਲਈ ਸਮੁੱਚੇ ਜ਼ਿਲ੍ਹੇ ਦੇ ਅਧਿਆਪਕਾਂ ਤੇ ਮਿਹਨਤੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਹੈ।