ਪੱਤਰ ਪ੍ਰੇਰਕ
ਮਾਨਸਾ, 22 ਅਪਰੈਲ
ਆੜ੍ਹਤੀਏ ਤੋਂ ਦੁਖੀ ਪਿੰਡ ਕੁਲਰੀਆਂ ਦੇ ਕਿਸਾਨ ਜਗਜੀਤ ਸਿੰਘ (24) ਨੇ ਅੱਜ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਪੰਜਾਬ ਕਿਸਾਨ ਯੂਨੀਅਨ ਨੇ ਪੁਲੀਸ ਨੂੰ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਆੜ੍ਹਤੀਏ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਜਗਜੀਤ ਦਾ ਸਸਕਾਰ ਨਹੀਂ ਕਰਨਗੇ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਗਜੀਤ ਸਿੰਘ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ। ਉਹ ਰਤੀਆ ਦੀ ਮੰਡੀ ਵਿੱਚ ਆਪਣੀ ਕਣਕ ਵੇਚਣ ਗਿਆ ਸੀ। ਇਸ ਦੌਰਾਨ ਇੱਕ ਆੜ੍ਹਤੀਏ ਨੇ ਉਸ ਦੀ ਵੇਚਣ ਲਈ ਢੇਰੀ ਕੀਤੀ ਕਣਕ, ਜੋ ਕਿਸੇ ਹੋਰ ਆੜ੍ਹਤੀਏ ਦੇ ਪਿੜ ’ਤੇ ਪਈ ਸੀ, ਨੂੰ ਜਬਰਦਸਤੀ ਚੁਕਵਾਉਣ ਦੀ ਕੋਸ਼ਿਸ਼ ਕੀਤੀ। ਭਾਵੇਂ ਉਹ ਆੜ੍ਹਤੀਆ ਉਸ ਦੀ ਕਣਕ ਚੁਕਣਾਉਣ ਵਿਚ ਸਫ਼ਲ ਤਾਂ ਨਹੀਂ ਹੋ ਸਕਿਆ ਪਰ ਅਦਾਲਤ ਵਿੱਚ ਉਸ ਦੇ ਪਿਤਾ ਵੱਲੋਂ ਦਿੱਤੇ ਖਾਲੀ ਚੈੱਕ ਲਾ ਕੇ ਉਲਝਾਉਣ ਦੀ ਕੋਸ਼ਿਸ਼ ਕਰਨ ਸਮੇਤ ਕਈ ਹੋਰ ਹਥਕੰਡੇ ਅਪਣਾ ਕੇ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਸ ਤੋਂ ਦੁਖੀ ਹੋ ਕੇ ਕਿਸਾਨ ਨੇ ਖੁਦਕੁਸ਼ੀ ਕਰ ਲਈ।