ਚੰਡੀਗੜ੍ਹ (ਟਨਸ): ਮੁੱਖ ਮੰਤਰੀ ਦੇ ਵਿਧਾਇਕਾਂ ਅਤੇ ਵਜ਼ੀਰਾਂ ’ਤੇ ਨਜ਼ਰਸਾਨੀ ਦੇ ਨਵੇਂ ਪੱਖ ਉਭਰਨ ਲੱਗੇ ਹਨ| ਮੁੱਖ ਮੰਤਰੀ ਦੇ ਹੁਕਮਾਂ ਮਗਰੋਂ ਜਿੱਥੇ ਵਿਧਾਇਕਾਂ ਤੇ ਵਜ਼ੀਰਾਂ ਨੇ ਸਰਕਾਰੀ ਕੰਮ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰੀ ਬਣਾ ਲਈ ਹੈ, ਉਥੇ ਕਈ ਅਫਵਾਹਾਂ ਕਰਕੇ ਕਈ ਵਿਧਾਇਕਾਂ ਤੇ ਵਜ਼ੀਰਾਂ ਪ੍ਰਤੀ ਬਣਿਆ ਨਜ਼ਰੀਆ ਵੀ ਹੁਣ ਸਾਫ ਹੋਇਆ ਹੈ| ਸਿਆਸੀ ਹਲਕਿਆਂ ਵਿਚ ਇਹ ਗੱਲ ਉਭਰੀ ਸੀ ਕਿ ਕਈ ਵਜ਼ੀਰਾਂ ਦੇ ਜੀਵਨ ਸਾਥੀ ਪ੍ਰਸ਼ਾਸਨਿਕ ਕੰਮਾਂ ਵਿਚ ਦਖਲ ਦੇ ਰਹੇ ਹਨ ਪ੍ਰੰਤੂ ਹੁਣ ਸਿਖਰਲੀ ਹਕੂਮਤ ਨੂੰ ਇੱਕ ਵਜ਼ੀਰ ਦੇ ਪ੍ਰਤੀ ਇਹ ਪੱਖ ਸਾਫ ਹੋਇਆ ਹੈ ਕਿ ਉਨ੍ਹਾਂ ਦੇ ਜੀਵਨ ਸਾਥੀ ਵੱਲੋਂ ਕਿਸੇ ਤਰ੍ਹਾਂ ਦਾ ਦਖਲ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਕੁਝ ਵਿਰੋਧੀਆਂ ਤਰਫ਼ੋਂ ਇਸ ਗੱਲ ਨੂੰ ਤੂਲ ਦਿੱਤਾ ਗਿਆ ਸੀ| ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਤੇ ਵਜ਼ੀਰਾਂ ਨਾਲ ਮੀਟਿੰਗ ਵਿਚ ਸਾਫ ਸੁਨੇਹਾ ਦਿੱਤਾ ਸੀ ਕਿ ‘ਆਪ’ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ ਜਿਸ ਕਰਕੇ ਪਾਰਦਰਸ਼ਤਾ ਵਧਾਉਣ ਲਈ ਅਤੇ ਸਿਆਸਤ ਨੂੰ ਨਵਾਂ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇ| ਇਸ ਮਗਰੋਂ ਵਿਧਾਇਕਾਂ ਅਤੇ ਵਜ਼ੀਰਾਂ ਨੇ ਪ੍ਰਸ਼ਾਸਨਿਕ ਤੇ ਪ੍ਰਬੰਧਕੀ ਕੰਮਾਂ ਵਿਚ ਪਾਰਦਰਸ਼ਤਾ ਵਧਾਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਗਲਤਫਹਿਮੀ ਨਾ ਪੈਦਾ ਹੋਵੇ| ਆਉਣ ਵਾਲੇ ਸਮੇਂ ਵਿਚ ‘ਆਪ’ ਹਕੂਮਤ ਵਿਚ ਪਾਰਦਰਸ਼ਤਾ ਹੋਰ ਉਘੜਨ ਦੀ ਉਮੀਦ ਬਣੀ ਹੈ|