ਜਸਵੰਤ ਜੱਸ
ਫ਼ਰੀਦਕੋਟ, 5 ਜੁਲਾਈ
ਬੇਅਦਬੀ ਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ ਪੰਜ ਡੇਰਾ ਪ੍ਰੇਮੀਆਂ ਨੂੰ ਵਿਸ਼ੇਸ਼ ਜਾਂਚ ਟੀਮ ਅੱਜ ਉਨ੍ਹਾਂ ਘਟਨਾ ਸਥਾਨਾਂ ਉਪਰ ਲੈ ਕੇ ਗਈ ਜਿੱਥੋਂ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ ਸੀ। ਜਾਂਚ ਟੀਮ ਪਹਿਲਾਂ ਊਨ੍ਹਾਂ ਨੂੰ ਕੋਟਕਪੂਰਾ ਦੇ ਨਾਮ ਚਰਚਾ ਘਰ ਲੈ ਕੇ ਗਈ। ਉਸ ਤੋਂ ਬਾਅਦ ਜਾਂਚ ਟੀਮ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗਈ ਅਤੇ ਦੋਸ਼ੀਆਂ ਤੋਂ ਘਟਨਾ ਸਥਾਨ ਅਤੇ ਘਟਨਾ ਨੂੰ ਅੰਜਾਮ ਦੇਣ ਦੇ ਤਰੀਕੇ ਬਾਰੇ ਪੁੱਛ-ਪੜਤਾਲ ਕੀਤੀ। ਡੇਰਾ ਪ੍ਰੇਮੀਆਂ ਨੂੰ ਬੀੜ ਸਿੱਖਾਂ ਵਾਲੇ ਵੀ ਲਿਜਾਇਆ ਗਿਆ ਜਿੱਥੇ ਡੇਰਾ ਪ੍ਰੇਮੀਆਂ ਨੇ ਕਥਿਤ ਤੌਰ ’ਤੇ ਬੇਅਦਬੀ ਕਾਂਡ ਦੀ ਸਾਜ਼ਿਸ਼ ਘੜੀ ਸੀ। ਪੁੱਛ-ਪੜਤਾਲ ਦੌਰਾਨ ਉਨ੍ਹਾਂ ਡੇਰਾ ਪ੍ਰੇਮੀਆਂ ਨੂੰ ਵੀ ਹਾਜ਼ਰ ਰਹਿਣ ਲਈ ਕਿਹਾ ਗਿਆ ਸੀ, ਜਿਨ੍ਹਾਂ ਨੂੰ ਪਹਿਲਾਂ ਅਦਾਲਤ ਨੇ ਰਿਹਾਅ ਕਰ ਦਿੱਤਾ ਸੀ। ਜਾਂਚ ਟੀਮ ਦੇ ਮੁਖੀ ਡੀਆਈਜੀ ਰਣਵੀਰ ਸਿੰਘ ਖਟੜਾ ਨੇ ਕਿਹਾ ਕਿ ਡੇਰਾ ਪ੍ਰੇਮੀ ਸ਼ਕਤੀ ਸਿੰਘ ਅਤੇ ਸੁਖਜਿੰਦਰ ਸਿੰਘ ਉਰਫ਼ ਸੰਨੀ ਨੂੰ ਵੀ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਤੋਂ ਸਮੁੱਚੀ ਘਟਨਾ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਲਈ ਵਰਤੀ ਗਈ ਕਾਰ ਦੀ ਸ਼ਨਾਖਤ ਕਰ ਲਈ ਗਈ ਹੈ। ਡੇਰਾ ਪ੍ਰੇਮੀਆਂ ਨੂੰ ਸੋਮਵਾਰ ਦੁਬਾਰਾ ਫੇਰ ਇੱਥੇ ਡਿਊਟੀ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਜਾਣਾ ਹੈ।
ਗੁਰਦੀਪ ਪੰਧੇਰ ਨੂੰ 19 ਜੁਲਾਈ ਤੱਕ ਜੇਲ੍ਹ ਭੇਜਿਆ
ਸਿਟੀ ਕੋਟਕਪੂਰਾ ਦੇ ਤਤਕਾਲੀ ਐੱਸਐੱਚਓ ਗੁਰਦੀਪ ਪੰਧੇਰ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਇੱਥੇ ਡਿਊਟੀ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਵਿਸ਼ੇਸ਼ ਜਾਂਚ ਟੀਮ ਵੱਲੋਂ ਪੇਸ਼ ਹੋਏ ਸਹਾਇਕ ਜ਼ਿਲ੍ਹਾ ਅਟਾਰਨੀ ਐੱਸਐੱਸ ਗਿੱਲ ਨੇ ਅਦਾਲਤ ਨੂੰ ਦੱਸਿਆ ਕਿ ਪੰਧੇਰ ਦਾ ਹੋਰ ਪੁਲੀਸ ਰਿਮਾਂਡ ਲੋੜੀਂਦਾ ਨਹੀਂ ਹੈ, ਜਿਸ ’ਤੇ ਅਦਾਲਤ ਨੇ ਊਸ ਨੂੰ 19 ਜੁਲਾਈ ਤੱਕ ਜੇਲ੍ਹ ਭੇਜਣ ਦਾ ਹੁਕਮ ਦਿੱਤਾ। ਗੁਰਦੀਪ ਪੰਧੇਰ ਨੂੰ ਬਠਿੰਡਾ ਦੀ ਜ਼ਿਲ੍ਹਾ ਜੇਲ੍ਹ ’ਚ ਰੱਖਿਆ ਜਾਵੇਗਾ।
ਜਾਂਚ ਟੀਮ ਸਾਹਮਣੇ ਪੇਸ਼ ਨਾ ਹੋਏ ਐੱਸਐੱਸਪੀ ਅਤੇ ਡੀਐੱਸਪੀ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 5 ਜੁਲਾਈ
ਕੋਟਕਪੂਰਾ ਗੋਲੀ ਕਾਂਡ ਵਿੱਚ ਦੋ ਵਾਰ ਸੰਮਨ ਭੇਜਣ ਦੇ ਬਾਵਜੂਦ ਫ਼ਰੀਦਕੋਟ ਦੇ ਤਤਕਾਲੀ ਐੱਸਐੱਸਪੀ ਸੁਖਮਿੰਦਰ ਸਿੰਘ ਅਤੇ ਡੀਐੱਸਪੀ ਬਲਜੀਤ ਸਿੰਘ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ ਹਾਲਾਂਕਿ ਫਰੀਦਕੋਟ ਦੇ ਤਤਕਾਲੀ ਐੈੱਸਪੀ (ਐੱਚ) ਬਲਬੀਰ ਸਿੰਘ ਅੱਜ ਸਵੇਰੇ ਜਾਂਚ ਟੀਮ ਸਾਹਮਣੇ ਪੇਸ਼ ਹੋ ਗਏ। ਉਨ੍ਹਾਂ ਕੋਟਕਪੂਰਾ ਗੋਲੀ ਕਾਂਡ ਬਾਰੇ ਜਾਂਚ ਟੀਮ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਤਿੰਨਾਂ ਪੁਲੀਸ ਅਧਿਕਾਰੀਆਂ ਨੂੰ ਗੁਰਦੀਪ ਪੰਧੇਰ ਦੇ ਸਾਹਮਣੇ ਬਿਠਾ ਕੇ ਕੁਝ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੀ ਸੀ। ਕੋਟਕਪੂਰਾ ਗੋਲੀ ਕਾਂਡ ਵੇਲੇ ਇਹ ਸਾਰੇ ਪੁਲੀਸ ਅਧਿਕਾਰੀ ਕੋਟਕਪੂਰਾ ’ਚ ਮੌਜੂਦ ਸਨ। ਇਹ ਅਧਿਕਾਰੀ ਸ਼ਨਿਚਰਵਾਰ ਨੂੰ ਪੇਸ਼ ਨਹੀਂ ਹੋਏ ਸਨ ਜਿਸ ਮਗਰੋਂ ਅੱਜ ਸਵੇਰੇ 11 ਵਜੇ ਊਨ੍ਹਾਂ ਨੂੰ ਤਲਬ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਪੁਲੀਸ ਅਧਿਕਾਰੀਆਂ ਨੇ ਜਾਂਚ ਟੀਮ ਨੂੰ ਸੂਚਿਤ ਕੀਤਾ ਹੈ ਕਿ ਉਹ ਜ਼ਰੂਰੀ ਰੁਝੇਵਿਆਂ ਕਰਕੇ ਹਾਜ਼ਰ ਨਹੀਂ ਹੋ ਸਕਦੇ। ਵਿਸ਼ੇਸ਼ ਜਾਂਚ ਟੀਮ ਇਨ੍ਹਾਂ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਹੁਣ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ। ਇਨ੍ਹਾਂ ਗਵਾਹਾਂ ਦੇ ਅਦਾਲਤ ਰਾਹੀਂ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤੇ ਜਾ ਸਕਦੇ ਹਨ। ਉਕਤ ਸਾਰੇ ਪੁਲੀਸ ਅਧਿਕਾਰੀ ਜਸਟਿਸ ਰਣਜੀਤ ਸਿੰਘ ਅਤੇ ਜ਼ੋਰਾ ਸਿੰਘ ਕਮਿਸ਼ਨ ਸਾਹਮਣੇ ਵੀ ਪੇਸ਼ ਹੋ ਚੁੱਕੇ ਹਨ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਾਂਚ ਟੀਮ ਨਿਯਮਾਂ ਅਨੁਸਾਰ ਸਾਰੇ ਗਵਾਹਾਂ ਦੇ ਬਿਆਨ ਕਲਮਬੱਧ ਕਰੇਗੀ।