ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 30 ਮਈ
ਬੇਅਦਬੀ ਕਾਂਡ ਵਿੱਚ ਮੁਲਜ਼ਮ ਵਜੋੋਂ ਨਾਮਜ਼ਦ ਹੋਏ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੇ ਵਕੀਲਾਂ ਰਾਹੀਂ ਇੱਥੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਬੇਅਦਬੀ ਕਾਂਡ ’ਚ ਸੀਬੀਆਈ ਵੱਲੋਂ ਪੜਤਾਲ ਦੌਰਾਨ ਇਕੱਤਰ ਕੀਤੇ ਗਏ ਦਸਤਾਵੇਜ਼ ਉਸ ਨੂੰ ਮੁਹੱਈਆ ਕਰਵਾਏ ਜਾਣ। ਵਿਸ਼ੇਸ਼ ਜਾਂਚ ਟੀਮ ਬੇਅਦਬੀ ਕਾਂਡ ਨਾਲ ਜੁੜੇ ਤਿੰਨ ਮਾਮਲਿਆਂ ’ਚ ਦੋਸ਼ ਪੱਤਰ ਅਦਾਲਤ ’ਚ ਪੇਸ਼ ਕਰ ਚੁੱਕੀ ਹੈ ਅਤੇ 4 ਮਈ ਨੂੰ ਅਦਾਲਤ ਨੇ ਇਨ੍ਹਾਂ ਦੋਸ਼ ਪੱਤਰਾਂ ਦੀ ਇੱਕ ਨਕਲ ਡੇਰਾ ਮੁਖੀ ਨੂੰ ਕਾਨੂੰਨ ਮੁਤਾਬਕ ਮੁਹੱਈਆ ਕਰਵਾਈ ਸੀ। ਡੇਰਾ ਮੁਖੀ ਦੇ ਵਕੀਲਾਂ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਬੇਅਦਬੀ ਕਾਂਡ ’ਚ ਪੇਸ਼ ਕੀਤੇ ਦੋਸ਼ ਪੱਤਰਾਂ ਵਿੱਚ ਸੀਬੀਆਈ ਵੱਲੋਂ ਇਕੱਤਰ ਕੀਤੇ ਗਏ ਦਸਤਾਵੇਜ਼ਾਂ ਨੂੰ ਸ਼ਾਮਲ ਨਹੀਂ ਕੀਤਾ ਹੈ ਜਦੋਂ ਕਿ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਸੀਬੀਆਈ ਵੱਲੋਂ ਇਕੱਤਰ ਕੀਤੀ ਗਵਾਹੀ ਵੀ ਇਨ੍ਹਾਂ ਚਲਾਨਾਂ ਦਾ ਹਿੱਸਾ ਹੋਣੀ ਚਾਹੀਦੀ ਸੀ।
ਅਦਾਲਤ ਨੇ ਡੇਰਾ ਮੁਖੀ ਵੱਲੋਂ ਦਾਇਰ ਕੀਤੀ ਅਰਜ਼ੀ ਦੀ ਨਕਲ ਵਿਸ਼ੇਸ਼ ਜਾਂਚ ਟੀਮ ਤੇ ਪੰਜਾਬ ਸਰਕਾਰ ਨੂੰ ਭੇਜਦਿਆਂ ਆਦੇਸ਼ ਦਿੱਤੇ ਹਨ ਕਿ 14 ਜੂਨ ਤੱਕ ਇਸ ਮਾਮਲੇ ਵਿੱਚ ਆਪਣਾ ਲਿਖ਼ਤੀ ਜਵਾਬ ਪੇਸ਼ ਕਰਨ। ਅੱਜ ਸੁਣਵਾਈ ਦੌਰਾਨ ਡੇਰਾ ਮੁਖੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਹੋਇਆ ਜਦਕਿ ਸੱਤ ਹੋਰ ਡੇਰਾ ਪ੍ਰੇਮੀ ਅਦਾਲਤ ’ਚ ਨਿੱਜੀ ਤੌਰ ’ਤੇ ਹਾਜ਼ਰ ਸਨ।