ਜਸਬੀਰ ਸਿੰਘ ਚਾਨਾ
ਫਗਵਾੜਾ, 2 ਮਈ
ਪੰਜਾਬ ਸਰਕਾਰ ਵੱਲੋਂ ਫ਼ਿਲੌਰ ਤੇ ਗੁਰਾਇਆ ਲਈ ਅਲਾਟ ਕੀਤੀਆਂ ਗਈਆਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਫਗਵਾੜਾ ਤੋਂ ਰਵਾਨਾ ਕਰਨ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਫ਼ਿਲੌਰ ਦੇ ਕਾਂਗਰਸੀ ਵਿਧਾਇਕ ਵਿਚਾਲੇ ਬਹਿਸਬਾਜ਼ੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਗੁਰਾਇਆ ਤੇ ਫ਼ਿਲੌਰ ਨਗਰ ਕੌਂਸਲਾਂ ਵਾਸਤੇ ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਫਗਵਾੜਾ ਭੇਜੀਆਂ, ਜਿਸ ਨੂੰ ਪ੍ਰਾਪਤ ਕਰਨ ਲਈ ਅੱਜ ਸਵੇਰ ਤੋਂ ਹੀ ‘ਆਪ’ ਆਗੂਆਂ ਅਤੇ ਕਾਂਗਰਸੀਆਂ ਵਿਚਾਲੇ ਖਿੱਚੋਤਾਣ ਚੱਲਦੀ ਰਹੀ।
ਇਸ ਦੌਰਾਨ ਫ਼ਿਲੌਰ ਦੇ ਕਾਂਗਰਸੀ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਅਤੇ ਫ਼ਿਲੌਰ ਤੋਂ ‘ਆਪ’ ਦੇ ਹਾਰੇ ਹੋਏ ਉਮੀਦਵਾਰ ਪ੍ਰਿੰਸੀਪਲ ਪ੍ਰੇਮ ਕੁਮਾਰ ਆਪੋ-ਆਪਣੇ ਸਾਥੀਆਂ ਨਾਲ ਨਗਰ ਨਿਗਮ ਦਫ਼ਤਰ ਪੁੱਜ ਗਏ। ‘ਆਪ’ ਆਗੂਆਂ ਨੇ ਆਪਣੀ ਹਮਾਇਤ ਲਈ ਫਗਵਾੜਾ ਦੇ ‘ਆਪ’ ਆਗੂ ਜੋਗਿੰਦਰ ਸਿੰਘ ਮਾਨ, ਸੰਤੋਸ਼ ਕੁਮਾਰ ਗੋਗੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਮੌਕੇ ’ਤੇ ਬੁਲਾ ਲਿਆ, ਜਿਸ ਮਗਰੋਂ ਕਮਿਸ਼ਨਰ ਦਫ਼ਤਰ ਵਿੱਚ ਦੋਹਾਂ ਧਿਰਾਂ ਵਿਚਾਲੇ ਮੀਟਿੰਗ ਹੋਈ। ਮੀਟਿੰਗ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ‘ਆਪ’ ਆਗੂ ਨੇ ਕਥਿਤ ਗਾਲ੍ਹ ਕੱਢ ਦਿੱਤੀ, ਜਿਸ ਕਾਰਨ ਮਾਹੌਲ ਹੋਰ ਤਣਾਅਪੂਰਨ ਹੋ ਗਿਆ। ਪੁਲੀਸ ਤੇ ਪ੍ਰਸਾਸ਼ਨ ਨੇ ਬੜੀ ਮੁਸ਼ਕਿਲ ਨਾਲ ਸਥਿਤੀ ਸੰਭਾਲੀ।
ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਤੇ ਫ਼ਿਲੌਰ ਦੀ ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਪ੍ਰੀਤ ਕੌਰ ਨੇ ਦੋਸ਼ ਲਗਾਇਆ ਕਿ ਜੋਗਿੰਦਰ ਸਿੰਘ ਮਾਨ ਨੇ ਉਨ੍ਹਾਂ ਨੂੰ ਗਾਲ੍ਹ ਕੱਢੀ ਅਤੇ ਧਮਕਾਇਆ ਹੈ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਿਜਾਣ ਦਾ ਹੱਕ ਉਨ੍ਹਾਂ ਅਤੇ ਨਗਰ ਨਿਗਮ ਦੇ ਅਹੁਦੇਦਾਰਾਂ ਦਾ ਹੈ। ‘ਆਪ’ ਆਗੂਆਂ ਦਾ ਇਸ ’ਤੇ ਕੋਈ ਹੱਕ ਨਹੀਂ। ਗੁਰਪ੍ਰੀਤ ਕੌਰ ਨੇ ਇਸ ਸਬੰਧੀ ਫਗਵਾੜਾ ਦੇ ਐੱਸਪੀ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ।
ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਇਹ ਗੱਡੀਆਂ ਗੁਰਾਇਆ ਤੇ ਫ਼ਿਲੌਰ ਦੇ ਕਾਰਜਸਾਧਕ ਅਫ਼ਸਰ (ਈਓ) ਦੇ ਹਵਾਲੇ ਕਰ ਦਿੱਤੀਆਂ, ਜਿਸ ਤੋਂ ਬਾਅਦ ਦੋਹੇਂ ਧਿਰਾਂ ਰਵਾਨਾ ਹੋ ਗਈਆਂ।
‘ਆਪ’ ਆਗੂ ਨੇ ਦੋਸ਼ ਨਕਾਰੇ
‘ਆਪ’ ਆਗੂ ਜੋਗਿੰਦਰ ਮਾਨ ਨੇ ਗਾਲੀ-ਗਲੋਚ ਕਰਨ ਦੇ ਦੋਸ਼ ਨਕਾਰ ਦਿੱਤੇ ਹਨ। ਫਗਵਾੜਾ ਦੇ ਐੱਸਪੀ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਪ੍ਰੀਤ ਕੌਰ ਵੱਲੋਂ ਦਰਖ਼ਾਸਤ ਪ੍ਰਾਪਤ ਹੋਈ ਹੈ ਜਿਸ ਦੀ ਜਾਂਚ ਡੀਐੱਸਪੀ ਨੂੰ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।