ਪਾਲ ਸਿੰਘ ਨੌਲੀ
ਜਲੰਧਰ, 3 ਜਨਵਰੀ
ਕੌਮੀ ਤੇ ਕੌਮਾਂਤਰੀ ਮੈਡਲ ਜਿੱਤਣ ਵਾਲੀ 26 ਸਾਲਾ ਮਲਿਕਾ ਹਾਂਡਾ ਨੂੰ ਘਰ-ਘਰ ਮਸਲੇ ਹੱਲ ਕਰਨ ਵਾਲੀ ਸਰਕਾਰ ਨੇ ਨਿਰਾਸ਼ ਕੀਤਾ ਹੈ। ਮਲਿਕਾ ਹਾਂਡਾ ਨੂੰ 90 ਫੀਸਦੀ ਘੱਟ ਸੁਣਦਾ ਹੈ। ਉਸ ਨੇ ਆਪਣੀ ਕਹਾਣੀ ਦੀ ਛੋਟੀ ਜਿਹੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਹ ਵੀਡੀਓ ਉਸ ਨੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਟਵਿੱਟਰ ’ਤੇ ਭੇਜੀ ਹੈ।
ਮਲਿਕਾ ਹਾਂਡਾ ਪਹਿਲੀ ਭਾਰਤੀ ਕੁੜੀ ਹੈ ਜਿਸ ਨੇ ਕੌਮਾਂਤਰੀ ਪੱਧਰ ਦੀ ਸ਼ਤਰੰਜ ਚੈਂਪੀਅਨਸ਼ਿਪ ਵਿਚ ਸੋਨੇ ਦਾ ਮੈਡਲ ਜਿੱਤਿਆ ਤੇ 7 ਵਾਰ ਕੌਮੀ ਪੱਧਰ ’ਤੇ ਸੋਨੇ ਦੇ ਮੈਡਲ ਜਿੱਤੇ। ਉਹ ਸਾਲ ਦੇ ਆਖਰੀ ਦਿਨ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੂੰ ਮਿਲੀ ਸੀ। ਇਸ ਬਾਰੇ ਉਸ ਨੇ ਟਵੀਟ ਕਰਦਿਆਂ ਕਿਹਾ ਕਿ ਖੇਡ ਮੰਤਰੀ ਨੇ ਉਸ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹੀ ਕੋਈ ਨੀਤੀ ਨਹੀਂ ਬਣਾਈ ਜਿਸ ਨਾਲ ਉਨ੍ਹਾਂ ਨੂੰ ਨੌਕਰੀ ਜਾਂ ਨਗਦ ਇਨਾਮ ਦਿੱਤਾ ਜਾ ਸਕੇ। ਮਲਿਕਾ ਹਾਂਡਾ ਨੇ ਇਹ ਵੀ ਲਿਖਿਆ ਹੈ ਕਿ ਸਾਬਕਾ ਖੇਡ ਮੰਤਰੀ ਨੇ ਜ਼ੁਬਾਨੀ ਭਰੋਸਾ ਦਿੱਤਾ ਸੀ ਕਿ ਉਹ ਉਸ ਨੂੰ ਨਗਦ ਇਨਾਮ ਜ਼ਰੂਰ ਦਿਵਾਉਣਗੇ। ਸਾਬਕਾ ਖੇਡ ਮੰਤਰੀ ਨੇ ਉਸ ਨੂੰ ਪ੍ਰਸੰਸਾ ਪੱਤਰ ਵੀ ਭੇਜਿਆ ਸੀ।
ਮਲਿਕਾ ਹਾਂਡਾ ਨੇ ਹੈਰਾਨੀ ਪ੍ਰਗਟਾਈ ਕਿ ਇਕੋ ਸਰਕਾਰ ਦੇ ਖੇਡ ਮੰਤਰੀ ਦੋ ਤਰ੍ਹਾਂ ਦੇ ਵਿਚਾਰ ਕਿਵੇਂ ਪੇਸ਼ ਕਰ ਸਕਦੇ ਹਨ। ਰਾਣਾ ਗੁਰਮੀਤ ਸੋਢੀ ਨੇ ਖੇਡ ਮੰਤਰੀ ਹੁੰਦਿਆਂ ਨਗਦ ਇਨਾਮ ਦੇਣ ਦਾ ਵਾਅਦਾ ਕੀਤਾ ਸੀ ਪਰ ਮੌਜੂਦਾ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਨੀਤੀ ਨਹੀਂ ਹੈ। ਖੇਡ ਮੰਤਰੀ ਪਰਗਟ ਸਿੰਘ ਦਾ ਪੱਖ ਜਾਨਣ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਕਾਲੀਆ ਵੱਲੋਂ ਕਾਂਗਰਸ ਸਰਕਾਰ ਦੀ ਨਿਖੇਧੀ
ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਇਸ ਗੱਲ ’ਤੇ ਦੁੱਖ ਪ੍ਰਗਟਾਇਆ ਕਿ ਪੰਜਾਬ ਸਰਕਾਰ ਨੇ ਅਜਿਹੇ ਖਿਡਾਰੀਆਂ ਨੂੰ ਮਾਣ-ਸਨਮਾਨ ਤੇ ਨੌਕਰੀ ਦੇਣ ਲਈ ਕੋਈ ਨੀਤੀ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਅਜਿਹੇ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਨੀਤੀ ਬਣਾਈ ਜਾਵੇਗੀ।