ਨਵੀਂ ਦਿੱਲੀ/ਚੰਡੀਗੜ੍ਹ, 23 ਜੂਨ
ਭਾਰਤੀ ਪੁਲੀਸ ਸੇਵਾ (ਆਈਪੀਐੱਸ) ਦੇ ਸੀਨੀਅਰ ਅਧਿਕਾਰੀ ਦਿਨਕਰ ਗੁਪਤਾ ਨੂੰ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਇੱਕ ਹੁਕਮ ਰਾਹੀਂ ਦਿੱਤੀ ਗਈ। ਦਿਨਕਰ ਗੁਪਤਾ 1987 ਬੈਚ ਦੇ ਪੰਜਾਬ ਕਾਡਰ ਦੇ ਆਈਪੀਐੱਸ ਅਧਿਕਾਰੀ ਹਨ। ਇਸੇ ਦੌਰਾਨ ਪੰਜਾਬ ਸਰਕਾਰ ਨੇ ਅੱਜ 1992 ਬੈਚ ਦੇ ਆਈਪੀਐੱਸ ਅਧਿਕਾਰੀਆਂ ਗੌਰਵ ਯਾਦਵ, ਹਰਪ੍ਰੀਤ ਸਿੰਘ ਸਿੱਧੂ, ਸ਼ਰਦ ਸੱਤਿਆ ਚੌਹਾਨ ਅਤੇ ਕੁਲਦੀਪ ਸਿੰਘ ਨੂੰ ਡੀਜੀਪੀ ਵਜੋਂ ਪਦਉੱਨਤ ਕਰ ਦਿੱਤਾ ਹੈ। ਕੇਂਦਰੀ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਦਿਨਕਰ ਗੁਪਤਾ ਨੂੰ 31 ਮਾਰਚ 2024 ਤੱਕ ਐੱਨਆਈਏ ਦਾ ਡਾਇਰੈਕਟਰ ਜਨਰਲ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਗੁਪਤਾ ਨੇ 31 ਮਾਰਚ 2024 ਨੂੰ ਹੀ ਸੇਵਾਮੁਕਤ ਹੋਣਾ ਹੈ। ਇੱਥੇ ਦੱਸਣਯੋਗ ਹੈ ਕਿ ਦਿਨਕਰ ਗੁਪਤਾ ਪੰਜਾਬ ਪੁਲੀਸ ਦੇ ਮੁਖੀ ਰਹਿ ਚੁੱਕੇ ਹਨ ਤੇ ਸੂਬੇ ’ਚ ਜਦੋਂ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਸੀ ਤਾਂ ਸਰਕਾਰ ਨੇ ਦਿਨਕਰ ਗੁਪਤਾ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਉਹ ਇਸ ਸਮੇਂ ਪੰਜਾਬ ਪੁਲੀਸ ਹਾਊਸਿੰਗ ਨਿਗਮ ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਰਹੇ ਸਨ। ਡੀਜੀਪੀ ਦੇ ਅਹੁਦੇ ਤੋਂ ਲਾਂਭੇ ਹੋਣ ਤੋਂ ਬਾਅਦ ਸ੍ਰੀ ਗੁਪਤਾ ਕੇਂਦਰ ਸਰਕਾਰ ’ਚ ਡੈਪੂਟੇਸ਼ਨ ’ਤੇ ਜਾਣ ਲਈ ਲਗਾਤਾਰ ਯਤਨਸ਼ੀਲ ਸਨ। ਪਰਸੋਨਲ ਮੰਤਰਾਲੇ ਵੱਲੋਂ ਇੱਕ ਹੋਰ ਹੁਕਮ ਰਾਹੀਂ ਦੱਸਿਆ ਗਿਆ ਕਿ ਸਵਾਗਤ ਦਾਸ ਨੂੰ ਗ੍ਰਹਿ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ (ਵਧੀਕ ਸੁਰੱਖਿਆ) ਨਿਯੁਕਤ ਕੀਤਾ ਗਿਆ ਹੈ। ਦਾਸ 1987 ਬੈਚ ਦੇ ਛੱਤੀਸਗੜ੍ਹ ਕਾਡਰ ਦੇ ਆਈਪੀਐੱਸ ਅਧਿਕਾਰੀ ਹਨ ਅਤੇ ਫਿਲਹਾਲ ਇੰਟੈਲੀਜੈਂਸ ਬਿਊਰੋ ਦੇ ਵਿਸ਼ੇਸ਼ ਡਾਇਰੈਕਟਰ ਦੇ ਅਹੁਦੇ ’ਤੇ ਹਨ। ਹੁਕਮ ਵਿੱਚ ਕਿਹਾ ਗਿਆ ਕਿ ਦਾਸ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੀ ਤਰੀਕ 24 ਨਵੰਬਰ 2024 ਤੱਕ ਅਹੁਦੇ ’ਤੇ ਨਿਯੁਕਤ ਕੀਤਾ ਜਾਂਦਾ ਹੈ। -ਪੀਟੀਆਈ/ਟਨਸ