ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਐਲਾਨ ਅੱਜ

ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਐਲਾਨ ਅੱਜ

ਤੇਜਿੰਦਰਪਾਲ ਸੰਧੂ ਤੇ ਅਨੂਪਿੰਦਰ ਸੰਧੂ ਨੂੰ ਸਿਰੋਪਾ ਭੇਟ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ।

ਸਰਬਜੀਤ ਸਿੰਘ ਭੰਗੂ/ਰਵੇਲ ਸਿੰਘ ਭਿੰਡਰ
ਪਟਿਆਲਾ, 6 ਜੁਲਾਈ

ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਆਪਣੀ ਨਵੀਂ ਪਾਰਟੀ ਦੀ ਸਥਾਪਨਾ 7 ਜੁਲਾਈ ਨੂੰ ਕੀਤੀ ਜਾ ਰਹੀ ਹੈ। ਇਸ ਸਬੰਧੀ ਲੁਧਿਆਣਾ ’ਚ ਮੀਟਿੰਗ ਰੱਖੀ ਗਈ ਹੈ। ਇਹ ਜਾਣਕਾਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਹਲਕਾ ਸਨੌਰ ਦੇ ਪਿੰਡ ਕੌਲੀ ਵਿਚ ਤੇਜਿੰਦਰਪਾਲ ਸਿੰੰਘ ਸੰਧੂ, ਉਨ੍ਹਾਂ ਦੀ ਪਤਨੀ ਅਨੂਪਿੰਦਰ ਸੰਧੂ ਤੇ  ਉਨ੍ਹਾਂ ਦੇ  ਵੱਡੀ ਗਿਣਤੀ ਹਮਾਇਤੀਆਂ ਨੂੰ ਆਪਣੀ ਧਿਰ ’ਚ ਸ਼ਾਮਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਹ ਵੀ ਦੱਸਣਾ ਬਣਦਾ ਹੈ ਕਿ ਸੰਧੂ ਤੇ ਉਨ੍ਹਾਂ ਦੀ ਪਤਨੀ ਨੇ ਇੱਕ ਦਿਨ ਪਹਿਲਾਂ ਹੀ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ। 

ਸ੍ਰੀ ਢੀਂਡਸਾ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਰਾਜਨੀਤੀ ਪੰਥਕ ਰਵਾਇਤਾਂ ਅਤੇ ਸਿਧਾਂਤਾਂ ਤੋਂ ਥਿੜਕ ਚੁੱਕੀ ਹੈ। ਇਸ ਤੋਂ ਪਹਿਲਾਂ ਪਾਰਟੀ ਵਿਚ ਨਵੇਂ ਸ਼ਾਮਲ ਹੋਏ ਰਣਧੀਰ ਰੱਖੜਾ ਦਾ ਵੀ ਢੀਂਡਸਾ ਨੇ ਸਵਾਗਤ ਕੀਤਾ। ਇਸ ਮੌਕੇ ਢੀਂਡਸਾ ਗੁੱਟ ਦੇ ਸੀਨੀਅਰ ਆਗੂ  ਗੁਰਬਚਨ ਬਚੀ, ਸੁਖਵੰਤ ਸਰਾਓ ਤੇ ਅਕਾਲੀ ਦਲ ਟਕਸਾਲੀ ਦੇ ਆਗੂ ਗੁਰਸੇਵ ਹਰਪਾਲਪੁਰ ਤੇ ਹੋਰ ਆਗੂ ਮੌਜੂਦ ਸਨ।  

ਢੀਂਡਸਾ ਗੁੱਟ ਦੀ ਨਵੀਂ ਪਾਰਟੀ ਬਾਰੇ ਭਾਵੇਂ ਭਲਕੇ ਹੀ ਸਪਸ਼ਟ ਹੋਵੇਗਾ ਪਰ ਇਸ ਦਾ ਨਾਮ ਸ਼੍ਰੋਮਣੀ ਪੰਥਕ ਦਲ ਰੱਖੇ ਜਾਣ ਦੀ ਚਰਚਾ ਹੈ ਜਿਸ ਦੀ ਆਪਣੀ ਵੱਖਰੀ ਹੋਂਦ ਹੋਵੇਗੀ। ਸ੍ਰੀ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ ਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਘਾਣ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ਼ ਵਿਚੋਂ  ਕੱਢਣ ਅਤੇ ਅਕਾਲੀ ਦਲ ਦੀ ਸਾਖ ਬਹਾਲ ਕਰਨ ਸਮੇਤ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਜਦੋ ਜਹਿਦ ਕਰਨਾ ਉਨ੍ਹਾਂ ਦੀ ਪਾਰਟੀ ਦੇ ਮੁੱਖ ਏਜੰਡੇ ਹੋਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੀ ਬਾਦਲ ਸਰਕਾਰ ਦੇ ਹੀ  ਪਦ ਚਿੰਨ੍ਹਾਂ ’ਤੇ ਹੀ ਚੱਲ ਰਹੀ ਹੈ। ਇਸ ਸਰਕਾਰ ਵੇਲੇ ਵੀ ਰੇਤ ਤੇ ਸ਼ਰਾਬ ਮਾਫੀਆ ਦਾ ਹੀ ਰਾਜ ਹੈ।  

ਬ੍ਰਹਮਪੁਰਾ ਵੱਲੋਂ ਢੀਂਡਸਾ ਨੂੰ ਨਵੀਂ ਪਾਰਟੀ ਨਾ ਬਣਾਉਣ ਦੀ ਮੁੜ ਅਪੀਲ

ਚੰਡੀਗੜ੍ਹ (ਕੁਲਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਨਵੀਂ ਰਾਜਨੀਤਕ ਪਾਰਟੀ ਨਾ ਬਣਾਉਣ ਫਿਰ ਅਪੀਲ ਕੀਤੀ ਹੈ। ਸ੍ਰੀ ਢੀਂਡਸਾ ਅੱਜ ਸ਼ਾਮ ਪੀਜੀਆਈ ’ਚ ਦਾਖਲ ਜਥੇਦਾਰ ਬ੍ਰਹਮਪੁਰਾ ਦਾ ਹਾਲ ਚਾਲ ਪੁੱਛਣ ਲਈ ਆਏ ਸਨ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇੱਕ ਵਾਰ ਫਿਰ ਪੰਜਾਬ ਅਤੇ ਪੰਥ ਦੇ ਮੌਜੂਦਾ ਪੰਥਕ ਤੇ ਸਿਆਸੀ ਹਾਲਾਤ ਨੂੰ ਮੁੱਖ ਰੱਖਦਿਆਂ ਸ੍ਰੀ ਢੀਂਡਸਾ ਨੂੰ ਅਪੀਲ ਕੀਤੀ ਕਿ ਉਹ ਭਲਕੇ 7 ਜੁਲਾਈ ਨੂੰ ਲੁਧਿਆਣਾ ’ਚ ਕੋਈ ਨਵਾਂ ਪੰਥਕ ਦਲ ਬਣਾਉਣ ਦਾ ਐਲਾਨ ਨਾ ਕਰਨ ਬਲਕਿ ਪੰਜਾਬ ’ਚ ਮਜ਼ਬੂਤ ਤੀਜੀ ਧਿਰ ਖੜ੍ਹੀ ਕਰਨ ਲਈ ਖੁਦ ਅਗਵਾਈ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਜਥੇਬੰਦਕ ਢਾਂਚੇ ਨੂੰ ਲੈ ਕੇ ਕੋਈ ਸ਼ਰਤ ਨਹੀਂ ਹੈ। ਸ੍ਰੀ ਢੀਂਡਸਾ ਇਸ ਜਥੇਬੰਦੀ ਦੇ ਮੁਖੀ ਬਣ ਕੇ ਸਾਰੇ ਪੰਥਕ ਟਕਸਾਲੀ ਅਕਾਲੀ ਆਗੂਆਂ ਵਰਕਰਾਂ ਨੂੰ ਨਾਲ ਲੈ ਕੇ ਅਸਲ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣ ਤੇ ਉਹ ਪੂਰਾ ਸਹਿਯੋਗ ਦੇਣਗੇ।

ਪਾਰਟੀ ਪ੍ਰਧਾਨ ਬਣਨ ਨਾਲ ਢੀਂਡਸਾ ਦਾ ਸੁਪਨਾ ਪੂਰਾ ਹੋਇਆ: ਸੁਖਬੀਰ

ਟੱਲੇਵਾਲ (ਲਖਵੀਰ ਸਿੰਘ ਚੀਮਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੁਖਦੇਵ ਢੀਂਡਸਾ ਨੂੰ ਨਵੀਂ ਪਾਰਟੀ ਬਣਾਉਣ ’ਤੇ ਵਿਅੰਗ ਕਰਦਿਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਬਹੁਤ ਸਮੇਂ ਤੋਂ ਪਾਰਟੀ ਪ੍ਰਧਾਨ ਬਣਨ ਦੇ ਚਾਹਵਾਨ ਸਨ ਪਰ ਹੁਣ ਉਨ੍ਹਾਂ ਦੀ ਇੱਛਾ ਪੂਰੀ ਹੋ ਗਈ ਹੈ। ਉਹ ਅੱਜ ਢੀਂਡਸਾ ਦੇ ਜੱਦੀ ਖੇਤਰ ਬਰਨਾਲਾ ਦੇ ਆਗੂ ਦਵਿੰਦਰ ਬੀਹਲਾ ਨੂੰ ਅਕਾਲੀ ਦਲ ਵਿਚ ਸ਼ਾਮਿਲ ਕਰਨ  ਉਨ੍ਹਾਂ ਦੇ ਗ੍ਰਹਿ ’ਚ ਰੱਖੇ ਸਮਾਗਮ ਵਿਚ ਪਹੁੰਚੇ ਸਨ। ਦਵਿੰਦਰ ਬੀਹਲਾ ਆਮ ਆਦਮੀ ਪਾਰਟੀ ਦੇ ਬਾਗੀ ਆਗੂ ਅਤੇ ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਸਲਾਹਕਾਰ ਸਨ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਾਂਗਰਸ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਖੇਤੀ ਆਰਡੀਨੈਂਸ ਕੈਪਟਨ ਸਰਕਾਰ ਵੱਲੋਂ ਪਹਿਲਾਂ ਹੀ ਇੱਕ ਐਕਟ ਬਣਾ ਕੇ ਲਾਗੂ ਕੀਤੇ ਜਾ ਚੁੱਕੇ ਹਨ। ਕੇਂਦਰ ਸਰਕਾਰ ਵਲੋਂ ਮੱਕੀ ਵਰਗੀਆਂ ਫਸਲਾਂ ਖ਼ਰੀਦਣ ਲਈ ਸੂਬਾ ਸਰਕਾਰਾਂ ਨੂੰ ਕਿਹਾ ਗਿਆ ਹੈ ਜੋ ਫ਼ਰਕ ਐੱਮਐੱਸਪੀ ਵਿੱਚ ਹੋਵੇਗਾ, ਉਹ ਕੇਂਦਰ ਵੱਲੋਂ ਦਿੱਤਾ ਜਾਵੇਗਾ। ਮੱਧ ਪ੍ਰਦੇਸ਼ ਤੇ ਹਰਿਆਣਾ ਸਰਕਾਰ ਐੱਮਐੱਸਪੀ ’ਤੇ ਮੱਕੀ ਖ਼ਰੀਦ ਰਹੀਆਂ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਵਾਪਸ ਪੈਸੇ ਦੇ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਇਸ ਮਾਮਲੇ ’ਤੇ ਚੁੱਪ ਹਨ।  ਦਵਿੰਦਰ ਬੀਹਲਾ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਲਈ ਰੱਖੇ ਸਮਾਗਮ ਵਿਚ ਬਰਨਾਲਾ ਜ਼ਿਲ੍ਹੇ ਦੇ ਬਹੁਤੇ ਸਿਰਕੱਢ ਆਗੂਆਂ ਦੀ ਗੈਰਹਾਜ਼ਰੀ ਰੜਕੀ। ਬਰਨਾਲਾ ਦੇ ਹਲਕਾ ਇੰਚਾਰਜ ਕੁਲਵੰਤ ਕੀਤੂ, ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਖਾਲਸਾ ਤੇ ਹੋਰ ਅਕਾਲੀ ਆਗੂ ਸਮਾਗਮ ਵਿਚ ਨਾ ਪੁੱਜੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All