ਸੰਜੀਵ ਬੱਬੀ
ਚਮਕੌਰ ਸਾਹਿਬ, 21 ਅਕਤੂਬਰ
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪਹਿਰੇਦਾਰੀ ਕਰਨ ਵਾਲੇ ਦੱਖਣ ਭਾਰਤ ਦੇ ਜੰਮਪਲ ਅਤੇ 42 ਸੈਕਟਰ ਚੰਡੀਗੜ੍ਹ ਦੇ ਸਰਕਾਰੀ ਕਾਲਜ ਦੇ ਸਹਾਇਕ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਇੱਥੇ ਨੰਗੇ ਪੈਰੀਂ ਪੁੱਜ ਕੇ ਅਰਦਾਸ ਕੀਤੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੱਚਰਤਾ, ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਦੇ ਗਾਣੇ ਬੰਦ ਕਰਵਾਉਣ ਲਈ ਸਖਤ ਕਾਨੂੰਨ ਬਣਾਉਣ ਤਾਂ ਕਿ ਪੰਜਾਬੀਅਤ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਸ਼ਰਾਬ, ਹਥਿਆਰਾਂ ਅਤੇ ਲੱਚਰ ਗਾਣਿਆਂ ਬਾਰੇ ਕਾਨੂੰਨ ਬਣਾਉਣ ਦਾ ਵਾਅਦਾ ਯਾਦ ਕਰਵਾਉਂਦਾ ਬੋਰਡ ਆਪਣੇ ਸਿਰ ’ਤੇ ਰੱਖ ਕੇ ਸਾਰੇ ਬਜ਼ਾਰਾਂ ਵਿੱਚ ਪ੍ਰਚਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਸ੍ਰੀ ਚੰਨੀ ਦੇ ਅਨਾਜ ਮੰਡੀ ਵਿੱਚ ਸਥਿਤ ਦਫਤਰ ਵਿੱਚ ਜਾ ਕੇ ਉਨ੍ਹਾਂ ਦੇ ਨਿੱਜੀ ਸਹਾਇਕ ਰਣਧੀਰ ਸਿੰਘ ਬਰਾੜ ਨੂੰ ਸ੍ਰੀ ਚੰਨੀ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ। ਪ੍ਰੋ. ਰਾਓ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸ੍ਰੀ ਚੰਨੀ ਕੈਬਨਿਟ ਮੰਤਰੀ ਹੁੰਦਿਆਂ ਕਈ ਵਾਰ ਐਲਾਨ ਕਰ ਚੁੱਕੇ ਹਨ ਕਿ ਇਸ ਸਬੰਧੀ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਪਰ ਹੁਣ ਉਹ ਮੁੱਖ ਮੰਤਰੀ ਹੋਣ ਦੇ ਨਾਤੇ ਇਹ ਕਾਨੂੰਨ ਬਣਾਉਣ।