ਸੰਗਤ ਮੰਡੀ, 24 ਦਸੰਬਰ
ਪੂਰੇ ਪੰਜਾਬ ਵਿੱਚ ਦਿੱਲੀ ਤੋਂ ਕਿਸਾਨੀ ਸੰਘਰਸ਼ ਜਿੱਤ ਕੇ ਆਏ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਿੰਡ ਚੁੱਘੇ ਕਲਾਂ ਦੇ ਵਾਸੀਆਂ ਵੱਲੋਂ ਯਾਦਵਿੰਦਰ ਸਿੰਘ ਨੰਬਰਦਾਰ ਜੋ ਕਿ ਲਗਾਤਾਰ ਇੱਕ ਸਾਲ ਸੋਲਾਂ ਦਿਨ ਬਿਨਾ ਘਰ ਆਏ ਦਿੱਲੀ ਧਰਨੇ ਵਿੱਚ ਹਾਜ਼ਰੀ ਭਰ ਕੇ ਆਇਆ ਹੈ, ਦਾ ਕਾਰ ਨਾਲ ਸਨਮਾਨ ਕੀਤਾ ਗਿਆ।
ਗੁਰਸੇਵਕ ਸਿੰਘ ਚੁੱਘੇ ਕਲਾਂ ਨੇ ਦੱਸਿਆ ਕਿ ਯਾਦਵਿੰਦਰ ਸਿੰਘ 26 ਨਵੰਬਰ ਨੂੰ ਪਿੰਡ ਤੋਂ ਮੋਰਚਾ ਜਿੱਤਣ ਤੱਕ ਘਰ ਵਾਪਸ ਨਾ ਆਉਣ ਦੀ ਕਸਮ ਖਾ ਕੇ ਦਿੱਲੀ ਗਿਆ ਸੀ। ਯਾਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਵੀ ਉਸ ਨੂੰ ਦਿੱਲੀ ਜਾ ਕੇ ਹੀ ਮਿਲ ਕੇ ਆਉਂਦੇ ਰਹੇ। ਇੱਥੋਂ ਤੱਕ ਕਿ ਦੀਵਾਲੀ ਮੌਕੇ ਕੱਪੜੇ ਅਤੇ ਮਠਿਆਈਆਂ ਵੀ ਉੱਥੇ ਹੀ ਦੇ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਯਾਦਵਿੰਦਰ ਸਿੰਘ ਨੰਬਰਦਾਰ ਜਦੋਂ ਪਿਛਲੇ ਸਾਲ 26 ਨਵੰਬਰ ਨੂੰ ਕਾਫ਼ਲੇ ਨਾਲ ਦਿੱਲੀ ਰਵਾਨਾ ਹੋਇਆ ਸੀ ਤਾਂ ਕਸਮ ਖਾ ਕੇ ਗਿਆ ਸੀ ਕਿ ਜਾਂ ਤਾਂ ਜਿੱਤ ਕੇ ਵਾਪਸ ਆਵੇਗਾ ਜਾਂ ਫਿਰ ਮਰ ਕੇ। ਪਿੰਡ ਵਾਸੀਆਂ ਅਤੇ ਕਲੱਬ ਮੈਂਬਰਾਂ ਵੱਲੋਂ ਯਾਦਵਿੰਦਰ ਸਿੰਘ ਨੰਬਰਦਾਰ ਦੀ ਕਿਸਾਨੀ ਸੰਘਰਸ਼ ਨੂੰ ਵੱਡੀ ਦੇਣ ਤੋਂ ਖੁਸ਼ ਹੋ ਕੇ ਉਸ ਨੂੰ ਮਾਰੂਤੀ ਸੁਜ਼ੂਕੀ ਰਿਟਜ਼ ਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯਾਦਵਿੰਦਰ ਸਿੰਘ ਨੰਬਰਦਾਰ ਵੱਲੋਂ ਪਿੰਡ ਵਾਸੀਆਂ, ਪੰਚਾਇਤ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਜਗਵਿੰਦਰ ਸਿੰਘ ਬਰਾੜ, ਡੇਰਾ ਲੰਗ ਵਾਲਾ ਦੇ ਮੁਖੀ ਮਹੰਤ ਕੁੰਭ ਦਾਸ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।