ਜਗਮੋਹਨ ਸਿੰਘ
ਰੂਪਨਗਰ/ਘਨੌਲੀ, 2 ਅਗਸਤ
ਕੁਰਾਲੀ ਤੋਂ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਤੱਕ ਕੌਮੀ ਮਾਰਗ ਦੇ ਦੋਵੇਂ ਪਾਸਿਆਂ ’ਤੇ ਢਾਬਾ ਮਾਲਕਾਂ ਵੱਲੋਂ ਕੌਮੀ ਮਾਰਗ ਦੀ ਆਵਾਜਾਈ ਵਿੱਚ ਵਿਘਨ ਪੈਦਾ ਕਰ ਰਹੇ ਹੋਰਡਿੰਗਜ਼ ਨੂੰ ਅੱਜ ਢਾਬਾ ਐਸੋਸੀਏਸ਼ਨ ਵੱਲੋਂ ਉਤਰਵਾ ਦਿੱਤਾ ਗਿਆ ਹੈ। ਅੱਜ ਆਰਜੇ ਰਿਜ਼ੋਰਟ ਸਿੰਘਪੁਰਾ ਵਿੱਚ ਜਥੇਬੰਦੀ ਦੇ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਮੀਟਿੰਗ ਹੋਈ, ਜਿਸ ਦੌਰਾਨ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਉਪਰੰਤ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਵੱਲੋਂ ਢਾਬਿਆਂ ਤੋਂ ਲੈ ਕੇ ਕੌਮੀ ਮਾਰਗ ਦੇ ਕੰਡੇ ਤੱਕ ਲਗਾਏ ਗਏ ਹੋਰਡਿੰਗਸ ਨੂੰ ਉਤਾਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਜਥੇਬੰਦੀ ਦੇ ਮੈਂਬਰਾਂ ਨੇ ਕੁਰਾਲੀ ਤੋਂ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਤੱਕ ਪੈਂਦੇ ਢਾਬਾ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਤੇ ਹਾਈਵੇਅ ਅਥਾਰਿਟੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋਰਡਿੰਗਸ ਨੂੰ ਆਪ ਹੀ ਉਤਾਰ ਦੇਣ। ਜਥੇਬੰਦੀ ਦੀ ਅਪੀਲ ਤੋਂ ਬਾਅਦ ਲਗਭਗ 70 ਫ਼ੀਸਦ ਢਾਬਾ ਮਾਲਕਾਂ ਨੇ ਆਪਣੇ ਆਪ ਹੀ ਸੜਕ ਤੋਂ ਲੈ ਕੇ 30 ਫੁੱਟ ਦਾਇਰੇ ਅੰਦਰ ਲੱਗੇ ਹੋਰਡਿੰਗਸ ਨੂੰ ਉਤਾਰ ਦਿੱਤਾ। ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜਿਨ੍ਹਾਂ ਢਾਬਾ ਮਾਲਕਾਂ ਨੇ ਬੋਰਡ ਨਹੀਂ ਉਤਾਰੇ, ਉਨ੍ਹਾਂ ਨੂੰ ਵੀ ਜਥੇਬੰਦੀ ਵੱਲੋਂ ਮੁੜ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।