ਚਰਨਜੀਤ ਭੁੱਲਰ
ਚੰਡੀਗੜ੍ਹ, 4 ਨਵੰਬਰ
ਪੰਜਾਬ ਦੇ ਕਿਸਾਨਾਂ ਨੇ ਐਤਕੀਂ ਝੋਨੇ ਦੇ ਝਾੜ ’ਚ ਮੱਲ ਮਾਰੀ ਹੈ। ਕੇਂਦਰੀ ਖੇਤੀ ਕਾਨੂੰਨਾਂ ਦੇ ਹੱਲੇ ਦੇ ਬਾਵਜੂਦ ਕਿਸਾਨਾਂ ਨੇ ਪਿੱਠ ਨਹੀਂ ਦਿਖਾਈ। ਝੋਨੇ ਦਾ ਝਾੜ ਏਨਾ ਵਧਿਆ ਹੈ ਕਿ ਸਰਕਾਰੀ ਖਰੀਦ ਪ੍ਰਬੰਧ ਵੀ ਡਗਮਗਾ ਗਏ ਹਨ। ਖੁਰਾਕ ਤੇ ਸਪਲਾਈ ਮਹਿਕਮੇ ਨੇ ਖਰੀਦ ਦੇ ਵਾਧੂ ਇੰਤਜ਼ਾਮ ਕਰਨ ਵਾਸਤੇ ਭਲਕੇ ਮੀਟਿੰਗ ਸੱਦੀ ਹੈ। ਹਰ ਜ਼ਿਲ੍ਹੇ ਵਿਚ ਵਧੇ ਝਾੜ ਦੇ ਮੱਦੇਨਜ਼ਰ ਬਾਰਦਾਨੇ ਅਤੇ ਭੰਡਾਰਨ ਆਦਿ ਦੇ ਨਵੇਂ ਸਿਰਿਓਂ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਐਤਕੀਂ ਝੋਨੇ ਦੀ 172 ਲੱਖ ਮੀਟਰਿਕ ਟਨ ਪੈਦਾਵਾਰ ਹੋਣ ਦਾ ਅਨੁਮਾਨ ਲਾਇਆ ਸੀ, ਪਰ ਝਾੜ ਨੂੰ ਦੇਖਦੇ ਹੋਏ ਪੈਦਾਵਾਰ 188 ਲੱਖ ਮੀਟਰਿਕ ਟਨ ਦੇ ਨੇੜੇ-ਤੇੜੇ ਪੁੱਜਣ ਦੀ ਆਸ ਹੈ। ਅੰਦਾਜ਼ੇ ਅਨੁਸਾਰ ਕਰੀਬ 18 ਲੱਖ ਮੀਟਰਿਕ ਟਨ ਝੋਨਾ ਪਿਛਲੇ ਸਾਲ ਦੇ ਮੁਕਾਬਲੇ ਵੱਧ ਆਏਗਾ।