ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਗਸਤ
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੰਮ ’ਚ ਕੁਤਾਹੀ ਵਰਤਣ ਤੇ ਜ਼ਰੂਰੀ ਤੱਥ ਲੁਕਾਉਣ ਦੇ ਦੋਸ਼ ਹੇਠ ਆਪਣੇ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਾਕੇਸ਼ ਸਿੰਗਲਾ ਨੇ ਪੰਜਾਬ ਸਿਵਲ ਸਰਵਿਸਿਜ਼ ਰੂਲਜ਼, 1970 ਦੀ ਉਲੰਘਣਾ ਕਰਦਿਆਂ ਸਰਕਾਰ ਤੋਂ ਇਹ ਤੱਥ ਲੁਕਾਇਆ ਕਿ ਉਸ ਨੇ 2006 ਤੋਂ ਕੈਨੇਡਾ ਦੀ ਪੀਆਰ ਹਾਸਲ ਕੀਤੀ ਹੋਈ ਹੈ। 2017 ਵਿੱਚ ਉਸ ਨੂੰ ਇਸ ਸਬੰਧੀ ਚਾਰਜਸ਼ੀਟ ਕੀਤਾ ਗਿਆ ਸੀ ਤੇ 29 ਜਨਵਰੀ 2019 ਨੂੰ ਦੋਸ਼ ਸਿੱਧ ਹੋ ਗਏ ਸਨ। ਉਨ੍ਹਾਂ ਕਿਹਾ ਕਿ ਰਾਕੇਸ਼ ਸਿੰਗਲਾ ਨੂੰ ਦੋਸ਼ਾਂ ਦੀ ਕਾਪੀ ਮੁਹੱਈਆ ਕਰਵਾਈ ਗਈ ਸੀ ਤੇ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ ਪਰ ਉਹ ਸੁਣਵਾਈ ’ਚ ਸ਼ਾਮਲ ਨਹੀਂ ਹੋਇਆ, ਜਿਸ ਦੇ ਮੱਦੇਨਜ਼ਰ ਉਸ ਨੂੰ ਅੱਜ ਬਰਖ਼ਾਸਤ ਕਰ ਦਿੱਤਾ ਗਿਆ ਹੈ।