ਬਹਾਦਰਜੀਤ ਸਿੰਘ
ਰਾਜਪੁਰਾ, 12 ਅਗਸਤ
ਪੰਜਾਬ ਵਿੱਚ ਗੁਆਂਢੀ ਰਾਜਾਂ ਦੇ ਮੁਕਾਬਲੇ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਵਧ ਹੋਣ ਕਾਰਨ ਇਸ ਸਰਹੱਦੀ ਇਲਾਕੇ ਦੇ ਸੈਂਕੜੇ ਪੈਟਰੋਲ ਪੰਪਾਂ ’ਤੇ ਮੰਦੀ ਛਾ ਗਈ ਹੈ। ਕਰੀਬ ਦੋ ਸਾਲ ਪਹਿਲਾਂ ਦੇ ਮੁਕਾਬਲੇ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਸਰਹੱਦੀ ਇਲਾਕੇ ਨਾਲ ਲੱਗਦੇ ਪੰਜਾਬ ਖੇਤਰ ਵਿੱਚ ਡੀਜ਼ਲ ਦੀ ਵਿਕਰੀ 30 ਫੀਸਦੀ ਰਹਿ ਗਈ ਹੈ। ਇਸ ਖੇਤਰ ’ਚੋਂ ਲੰਘਦੇ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ’ਤੇ ਕਿਸੇ ਸਮੇਂ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਡੀਜ਼ਲ ਅਤੇ ਪੈਟਰੋਲ ਵੇਚਣ ਵਾਲੇ ਸ਼ੰਭੂ ਹਾਈਵੇਅ ਸਰਵਿਸਜ਼ ਪੈਟਰੋਲ ਪੰਪ ਦੇ ਪ੍ਰਬੰਧਕ ਚਰਨਜੀਤ ਸਿੰਘ ਨਾਮਧਾਰੀ ਨੇ ਦੱਸਿਆ ਕਿ ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਡੀਜ਼ਲ ਕਰੀਬ 2.50 ਰੁਪਏ ਅਤੇ ਪੈਟਰੋਲ 4.50 ਰੁਪਏ ਪ੍ਰਤੀ ਲੀਟਰ ਮਹਿੰਗਾ ਹੈ, ਜਿਸ ਕਾਰਨ ਲੋਕ ਪੰਜਾਬ ਦੇ ਪੈਟਰੋਲ ਪੰਪਾਂ ਦੀ ਜਗ੍ਹਾ ਗੁਆਂਢੀ ਸੂਬਿਆਂ ’ਚੋਂ ਪੈਟਰੋਲ ਅਤੇ ਡੀਜ਼ਲ ਪਵਾਉਣ ਨੂੰ ਤਰਜੀਹ ਦਿੰਦੇ ਹਨ। ਚਰਨਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ’ਤੇ ਪਹਿਲਾਂ ਰੋਜ਼ਾਨਾ 55 ਹਜ਼ਾਰ ਲੀਟਰ ਡੀਜ਼ਲ ਦੀ ਵਿਕਰੀ ਹੁੰਦੀ ਸੀ, ਜੋ ਹੁਣ 12 ਹਜ਼ਾਰ ਲੀਟਰ ਰਹਿ ਗਈ ਹੈ।
ਅੱਠ ਸੌ ਪੈਟਰੋਲ ਪੰਪ ਬੰਦ ਹੋਣ ਕਿਨਾਰੇ
ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦੱਸਿਆ ਕਿ ਪੰਜਾਬ ਦੇ ਸਰਹੱਦੀ ਇਲਾਕੇ ਦੇ ਅੱਠ ਸੌ ਪੈਟਰੋਲ ਪੰਪ ਬੰਦ ਹੋਣ ਕਿਨਾਰੇ ਪੁੱਜ ਚੁੱਕੇ ਹਨ ਅਤੇ ਇਨ੍ਹਾਂ ਪੰਪਾਂ ’ਤੇ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਖੁਸਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਪੰਜਾਬ ਵਿੱਚ ਗੁਆਂਢੀ ਰਾਜਾਂ ਦੀ ਤਰਜ਼ ’ਤੇ ਵੈਟ ਲਾਉਣ ਦੀ ਮੰਗ ਕੀਤੀ ਹੈ।