ਪ੍ਰਭੂ ਦਿਆਲ
ਸਿਰਸਾ, 19 ਜੁਲਾਈ
ਜਮਹੂਰੀ ਅਧਿਕਾਰੀ ਸਭਾ ਹਰਿਆਣਾ, ਜਮਹੂਰੀ ਅਧਿਕਾਰੀ ਸਭਾ ਪੰਜਾਬ, ਪ੍ਰਗਤੀਸ਼ੀਲ ਲੇਖਕ ਸੰਘ, ਕੇਂਦਰੀ ਪੰਜਾਬੀ ਲੇਖਕ ਸੰਘ, ਪੰਜਾਬੀ ਸਤਿਕਾਰ ਸਭਾ ਤੇ ਹੋਰ ਜਥੇਬੰਦੀਆਂ ਵੱਲੋਂ ਇਨਕਲਾਬੀ ਸ਼ਾਇਰ ਵਰਵਰਾ ਰਾਓ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਨਾਲ ਜੁੜੇ ਲੋਕ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਲ ਵਿੱਚ ਇਕੱਠੇ ਹੋਏ ਜਿਥੋਂ ਪ੍ਰਦਰਸ਼ਨ ਕਰਦੇ ਹੋਏ ਬੱਸ ਅੱਡੇ ’ਤੇ ਪਹੁੰਚੇ ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਵਰਵਰਾ ਰਾਓ ਤੇ ਹੋਰ ਜੇਲ੍ਹਾਂ ਵਿੱਚ ਬੰਦ ਲੇਖਕਾਂ, ਚਿੰਤਕਾਂ ਤੇ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕੀਤੀ। ਹਰਿਆਣਾ ਪ੍ਰਗਤੀਸ਼ੀਲ ਲੇਖਕ ਸੰਘ, ਜਮਹੂਰੀ ਅਧਿਕਾਰ ਸਭਾ ਹਰਿਆਣਾ ਤੇ ਪੰਜਾਬੀ ਸਤਿਕਾਰ ਸਭਾ ਨਾਲ ਜੁੜੇ ਬੁੱਧੀਜੀਵੀਆਂ ਤੇ ਲੇਖਕਾਂ ਨੇ ਮਹਿਲਾ ਥਾਣੇ ਦੇ ਸਾਹਮਣੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਖੱਬੇ ਪੱਖੀ ਚਿੰਤਕ ਤੇ ਉੱਘੇ ਸਾਹਿਤਕਾਰ ਸਵਰਨ ਸਿੰਘ ਵਿਰਕ ਤੇ ਹੋਰਾਂ ਨੇ ਕਰੀਵਾਲਾ ’ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਰਵਰਾ ਰਾਓ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਅੱਜ ਲਹਿਰਾਗਾਗਾ ਵਿਖੇ ਜਮਹੂਰੀ ਅਧਿਕਾਰ ਸਭਾ ਅਤੇ ਲੋਕ ਚੇਤਨਾ ਮੰਚ ਦੇ ਮੈਂਬਰਾਂ ਨੇ ਵਰਵਰਾ ਰਾਓ ਸਮੇਤ ਹੋਰ ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਦੋ ਵੱਖ-ਵੱਖ ਥਾਂਵਾਂ ‘ਤੇ ਇੱਕਠੇ ਹੋ ਕੇ ਮੈਂਬਰਾਂ ਨੇ ਫਾਸ਼ੀਵਾਦੀ ਮੋਦੀ ਸਰਕਾਰ ਦੇ ਖਿਲਾਫ਼ ਅਤੇ ਗ੍ਰਿਫਤਾਰ ਕੀਤੇ ਬੁੱਧੀਜੀਵੀਆਂ, ਸ਼ੋਸ਼ਲ ਵਰਕਰਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਇਸ ਸਮੇਂ ਹੋਏ ਪ੍ਰੋਗਰਾਮਾਂ ਵਿੱਚ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ, ਹਰਭਗਵਾਨ ਸਿੰਘ ਗੁਰਨੇ, ਜਗਜੀਤ ਸਿੰਘ ਭੁਟਾਲ, ਜਗਦੀਸ਼ ਸਿੰਘ ਪਾਪੜਾ , ਲੇਖਕ ਰਣਜੀਤ ਲਹਿਰਾ, ਸ਼ਮਿੰਦਰ ਸਿੰਘ,ਘ ਕੇਵਲ ਸਿੰਘ, ਜਸਵੰਤ ਕੌਰ, ਸੁਰਿੰਦਰ ਕੌਰ, ਹਰਪ੍ਰੀਤ ਕੌਰ, ਪਰਮਿੰਦਰ ਕੌਰ, ਕਾਂਤਾ ਦੇਵੀ, ਰਾਜ ਰਾਣੀ, ਜਗਜੀਤ ਕੌਰ, ਤਰੀਸਾਂ, ਗੀਤਾ ਰਾਣੀ, ਕਵਿਤਾ ਨੇ ਸ਼ਮੂਲੀਅਤ ਕੀਤੀ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਸ੍ਰੀ ਵਰਵਰਾ ਰਾਓ ਤੇ ਹੋਰ ਬੁੱਧੀਜੀਵੀਆਂ ਦੀ ਰਿਹਾਈ ਲਈ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ। ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਚ ਸੁਰਿੰਦਰ ਸ਼ਰਮਾ, ਦੀਪਕ ਰਾਏ, ਗੁਰਮੀਤ ਸਿੰਘ ਧਨੋਆ, ਪ੍ਰਗਟ ਸਿੰਘ, ਹਰਮਨਦੀਪ ਲੀਹਾਂ, ਅੰਜੂ ਚੌਧਰੀ, ਸਿਦਕ ਚੌਧਰੀ, ਪ੍ਰਕਾਸ਼ ਕੌਰ, ਅਤੇ ਜਥੇਦਾਰ ਗੁਰਦੇਵ ਸਿੰਘ ਨੇ ਐਲਾਨ ਕੀਤਾ ਕਿ ਵਰਵਰਾ ਰਾਓ ਸਮੇਤ ਦੇਸ਼ ਦੇ ਹੋਰ ਬੁੱਧੀਜੀਵੀਆਂ ਦੀ ਬਿਨਾ ਸ਼ਰਤ ਰਿਹਾਈ ਲਈ ਉਹ ਹਰ ਸੰਘਰਸ਼ ਵਿਚ ਵੱਧ ਚੜ੍ਹ ਕੇ ਹੋਣਗੇ।
ਬਰਨਾਲਾ(ਪਰਸ਼ੋਤਮ ਬੱਲੀ): ਸ੍ਰੀ ਵਰਵਰਾ ਰਾਓ ਦੀ ਰਿਹਾਈ ਲਈ ਅੱਜ ਬਰਨਾਲਾ ਜ਼ਿਲ੍ਹੇ ਵਿੱਚ ਦੋ ਦਰਜਨ ਤੋਂ ਵੱਧ ਥਾਵਾਂ ਉਪਰ ਪ੍ਰਦਰਸ਼ਨ ਕੀਤੇ ਗਏ।
ਬਰਨਾਲਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ, ਸਕੱਤਰ ਸੋਹਣ ਸਿੰਘ ਮਾਝੀ ਤੇ ਪ੍ਰੈਸ ਸਕੱਤਰ ਹਰਚਰਨ ਸਿੰਘ ਚਹਿਲ ਨੇ ਦੱਸਿਅ ਕਿ ਘਰਾਂ, ਗਲੀਆਂ, ਚੌਰਾਹਿਆਂ, ਸੱਥਾਂ ਤੇ ਖੇਤਾਂ ਵਿੱਚ ਪ੍ਰਦਰਸ਼ਨ ਕਰਕੇ ਵਰਵਰਾ ਰਾਓ ਤੇ ਦੋ ਦਰਜਨ ਦੇ ਕਰੀਬ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਵਿਦਿਆਰਥੀ ਆਗੂਆਂ ਦੀ ਰਿਹਾਈ ਦੀ ਮੰਗ ਕੀਤੀ। ਅੱਜ ਦੇ ਪ੍ਰੋਗਰਾਮ ਵਿੱਚ ਇਨਕਲਾਬੀ ਕੇਂਦਰ ਦੇ ਨਰੈਣ ਦੱਤ, ਡੀਟੀਐੱਫ ਆਗੂ ਗੁਰਮੀਤ ਸੁਖਪੁਰ ਤੇ ਰਾਜੀਵ ਕੁਮਾਰ, ਡੀਐੱਮਐੱਫ ਆਗੂ ਜੁਗਰਾਜ ਟੱਲੇਵਾਲ, ਅਮਰਜੀਤ ਕੌਰ, ਹਰਚਰਨ ਪੱਤੀ, ਪਰਮਜੀਤ ਜੋਧਪੁਰ, ਸੁਖਵਿੰਦਰ ਢਿਲਵਾਂ, ਬਿੱਕਰ ਔਲਖ, ਗੁਰਦੇਵ ਮਾਂਗੇਵਾਲ, ਬਲਵੰਤ ਉਪਲੀ, ਮਾਸਟਰ ਗੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ।
ਸੰਗਰੂਰ(ਗੁਰਦੀਪ ਸਿੰਘ ਲਾਲੀ): ਜਮਹੂਰੀ ਅਧਿਕਾਰ ਸਭਾ ਦੇ ਸੱਦੇ ’ਤੇ ਇਨਕਲਾਬੀ ਜਮਹੂਰੀ ਮੋਰਚਾ (ਪੰਜਾਬ )ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ), ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਵਰਵਰਾ ਰਾਓ ਅਤੇ ਹੋਰ ਮਨੁੱਖੀ ਅਧਿਕਾਰ ਆਗੂਆਂ, ਬੁੱਧੀਜੀਵੀਆਂ, ਲੋਕ ਪੱਖੀ ਵਕੀਲਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਰਿਹਾਅ ਕਰਵਾਉਣ ਲਈ ਅੱਜ ਸਥਾਨਕ ਪਰਜਾਪਤ ਧਰਮਸ਼ਾਲਾ ਵਿਖੇ ਨਾਅਰਿਆਂ ਨਾਲ ਰੈਲੀ ਕੀਤੀ ਗਈ ਤੇ ਸ਼ਹਿਰ ’ਚ ਰੋਸ ਮਾਰਚ ਕੀਤਾ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਅਤੇ ਇਨਕਲਾਬੀ ਜਮਹੂਰੀ ਮੋਰਚਾ (ਪੰਜਾਬ) ਦੇ ਆਗੂ ਲਾਲ ਚੰਦ ਨੇ ਕਿਹਾ ਕਿ ਮੋਦੀ ਸਰਕਾਰ ਭੀਮਾ ਕੋਰੇਗਾਓਂ ਹਿੰਸਾ ਵਿਚ ਇਕ ਯੋਜਨਾਬੱਧ ਸਾਜ਼ਿਸ਼ ਤਹਿਤ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਝੂਠੇ ਕੇਸ ਵਿਚ ਫਸਾਏ ਗਏ ਲੋਕਪੱਖੀ ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਆਗੂਆਂ ਨੂੰ ਜੇਲ੍ਹਾਂ ਵਿਚ ਖਤਮ ਕਰਨ ਉਤੇ ਤੁਲੀ ਹੋਈ ਹੈ। ਮੋਦੀ ਸਰਕਾਰ ਨੇ ਕੇਸ ਦੀ ਜਾਂਚ ਐਨ ਆਈ ਏ ਨੂੰ ਸੌਂਪ ਕੇ ੮੧ ਸਾਲਾ ਬਿਮਾਰ ਅਤੇ ਬਜ਼ੁਰਗ ਕਵੀ ਵਰਵਰਾ ਰਾਓ ਸਮੇਤ ਹੋਰਨਾਂ ਦਸ ਨਿਰਦੋਸ਼ ਬੁੱਧੀਜੀਵੀਆਂ,ਪੱਤਰਕਾਰਾਂ, ਵਕੀਲਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਬਿਨਾਂ ਮੁਕੱਦਮਾ ਚਲਾਏ ਪਿਛਲੇ ੨੨ ਮਹੀਨੇ ਤੋਂ ਜੇਲ੍ਹ ਵਿਚ ਨਜਾਇਜ਼ ਕੈਦ ਕਰਕੇ ਰੱਖਿਆ ਹੋਇਆ ਹੈ ਅਤੇ ਉਨਾਂ ਦੀ ਜ਼ਮਾਨਤ ਦੀ ਅਰਜ਼ੀ ਜਾਣ ਬੁੱਝ ਕੇ ਅੜਿੱਕੇ ਲਗਾ ਕੇ ਰੱਦ ਕਰਵਾਈ ਜਾ ਰਹੀ ਹੈ। ਮੋਦੀ ਸਰਕਾਰ ਦੀ ਇਹ ਸਰਾਸਰ ਸਿਆਸੀ ਬਦਲੇਖੋਰੀ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਵਰਵਰਾ ਰਾਓ ਸਮੇਤ ਹੋਰਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਅੱਜ ਦੀ ਰੈਲੀ ਦੌਰਾਨ ਅਹਿਮ ਮਤਾ ਪਾਸ ਕੀਤਾ ਗਿਆ, ਜਿਸ ਤਹਿਤ ਪੰਜਾਬ ਸਰਕਾਰ ਦੁਆਰਾ ਜਨਤਕ ਇਕੱਠਾਂ ਤੇ ਲਾਈ ਪਾਬੰਦੀ ਦੀ ਸਖਤ ਨਿੰਦਾ ਕੀਤੀ ਗਈ ਤੇ ਹੁਕਮਾਂ ਨੂੰ ਵਾਪਸ ਲੈਣ ਅਤੇ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਅੱਜ ਦੇ ਰੋਸ ਮਾਰਚ ਵਿੱਚ ਗੁਰਪ੍ਰੀਤ ਕੌਰ, ਮਨਧੀਰ ਸਿੰਘ, ਸੁਖਵਿੰਦਰ ਪੱਪੀ, ਬਿਕਰ ਸਿੰਘ ਹਥੋਆ, ਸੁਰਜੀਤ ਸਿੰਘ ਭੱਠਲ, ਚੰਦ ਸਿੰਘ ਧੂਰੀ, ਪ੍ਰਗਟ ਸਿੰਘ ਕਾਲਾਝਾੜ ਵੀ ਸ਼ਾਮਲ ਸਨ।
ਪਟਿਆਲਾ(ਰਵੇਲ ਸਿੰਘ ਭਿੰਡਰ): ‘ਅਦਾਰਾ ਪਰਵਾਜ਼‘ ਵੱਲੋਂ ਅੱਜ ਸ਼ਹਿਰ ਪਟਿਆਲਾ, ਸਮਾਣਾ ਤੇ ਸ਼ੁਤਰਾਣਾ ਵਿੱਚ ਰੋਸ ਇਕੱਠ ਕਰਕੇ ਕਵੀ ਵਰਵਰਾ ਰਾਓ ਸਮੇਤ ਹੋਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ। ਅੱਜ ਦੇ ਰੋਸ ਇਕੱਠਾਂ ਵਿਚ ਪ੍ਰਸਿੱਧ ਕਵੀ ਤੇ ਪੰਜਾਬੀ ਯੂਨੀਵਰਸਿਟੀ ਦੇ ਡਾ. ਮੋਹਨ ਤਿਆਗੀ, ਬਲਬੀਰ ਜਲਾਲਾਬਾਦੀ, ਡਾ. ਅਰਵਿੰਦਰ ਕੌਰ ਕਾਕੜਾ, ਤਰਲੋਚਨ ਮੀਰ, ਚਮਕੌਰ ਸਿੰਘ, ਸੰਤੋਸ਼ ਸੁਧੀਰ, ਮਨਿੰਦਰ ਕਾਫਰ, ਪ੍ਰੀਤ ਮੁਸਾਫਿਰ, ਮਨਮੀਤ, ਕਿਰਨਜੋਤ ਸਮੇਤ ਕਈ ਕਵੀਆਂ ਤੇ ਲੇਖਕਾਂ ਨੇ ਸ਼ਿਰਕਤ ਕੀਤੀ। ਪਟਿਆਲਾ ਵਿਖੇ ਨਾਭਾ ਰੋਡ ਤੇ ਅਬਲੋਵਾਲ ਪਾਰਕ ’ਚ ਜੁੜੇ ਕਲਮਕਾਰਾਂ ਨੂੰ ਡਾ. ਮੋਹਨ ਤਿਆਗੀ ਨੇ ਕਿਹਾ ਕਿ ਸੱਚ ’ਤੇ ਪਹਿਰਾ ਦਿੰਦੀ ਕਲਮ ਦੀ ਆਵਾਜ਼ ਕਦੇ ਵੀ ਕੁਚਲੀ ਨਹੀਂ ਜਾ ਸਕਦੀ। ਉਨ੍ਹਾਂ ਦੱਸਿਆ ਕਿ ਅੱਜ ਪਟਿਆਲਾ ਸ਼ਹਿਰ ਤੋਂ ਇਲਾਵਾ ਸ਼ੁਤਰਾਣਾ ਤੇ ਸਮਾਣਾ ’ਚ ਵੀ ਅਵਾਜ਼ ਬੁਲੰਦ ਹੋਈ ਹੈ।