ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਨਵੰਬਰ
ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਨੇ ਪਾਕਿਸਤਾਨ ਦੇ ਈਟੀਪੀਬੀ ਦੇ ਚੇਅਰਮੈਨ ਡਾ. ਆਮਿਰ ਅਹਿਮਦ ਨੂੰ ਇੱਕ ਮੰਗ ਪੱਤਰ ਦੇ ਕੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸਿੱਖ ਅਜਾਇਬ ਘਰ ਸਥਾਪਤ ਕਰਨ ਦੀ ਮੰਗ ਕੀਤੀ ਹੈ।
ਇਹ ਮੰਗ ਪੱਤਰ ਜਥੇਬੰਦੀ ਦੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਗਏ ਸ਼ਰਧਾਲੂਆਂ ਵੱਲੋਂ ਈਟੀਪੀਬੀ ਦੇ ਚੇਅਰਮੈਨ ਨੂੰ ਸਿੱਧੇ ਤੌਰ ’ਤੇ ਵੀ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਜਥੇਬੰਦੀ ਨੇ ਉਨ੍ਹਾਂ ਨੂੰ ਇਹ ਪੱਤਰ ਈ-ਮੇਲ ਰਾਹੀਂ ਵੀ ਭੇਜਿਆ ਹੈ। ਜਥੇਬੰਦੀ ਦੇ ਮੁਖੀ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਲਾਹੌਰ ਦੇ ਗਵਰਨਰ ਅਤੇ ਈਟੀਪੀਬੀ ਦੇ ਚੇਅਰਮੈਨ ਕੋਲੋਂ ਗੁਰੂ ਨਾਨਕ ਦੇਵ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸਿੱਖ ਅਜਾਇਬ ਘਰ ਸਥਾਪਤ ਕਰਨ ਦੀ ਮੰਗ ਕੀਤੀ ਗਈ ਹੈ। ਇੱਥੇ ਗੁਰਦੁਆਰੇ ਵਿੱਚ ਵਿਜਟਰ ਰਜਿਸਟਰ ਲਾਉਣ, ਆਲੇ-ਦੁਆਲੇ 500 ਗਜ਼ ਇਲਾਕੇ ਨੂੰ ਪਵਿੱਤਰ ਇਲਾਕਾ ਐਲਾਨਣ ਅਤੇ ਇਲਾਕੇ ਵਿੱਚ ਮੀਟ, ਤੰਬਾਕੂ ਤੇ ਸਿਗਰਟ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਸਮਾਉਣ ਪੁਰਬ ਮੌਕੇ 22 ਸਤੰਬਰ ਨੂੰ ਹਰ ਵਰ੍ਹੇ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਲਈ ਪੰਜ ਦਿਨ ਦਾ ਵੀਜ਼ਾ ਤੇ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨ ਦਿਨ ਦਾ ਵਿਸ਼ੇਸ਼ ਵੀਜ਼ਾ ਦੇਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਮਨਾਏ ਜਾਂਦੇ ਗੁਰਪੁਰਬਾਂ ਤੇ ਹੋਰ ਧਾਰਮਿਕ ਸਮਾਗਮਾਂ ਦਾ ਪਾਕਿਸਤਾਨ ਦੇ ਟੀਵੀ ਚੈਨਲਾਂ ਰਾਹੀਂ ਸਿੱਧਾ ਪ੍ਰਸਾਰਨ ਕਰਨ ਦੀ ਮੰਗ ਕੀਤੀ।