ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੀਐੱਸਯੂ ਦੇ ਸੂਬਾ ਆਗੂ ਸੁਖਦੀਪ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਦਰਸ਼ਨ ਸਿੰਘ ਨੇ ਅੱਜ ਇਥੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਅੰਦੋਲਨ ਦੌਰਾਨ ਸੰਗਰੂਰ ਵਿੱਚ ਆਰਐੱਸਐੱਸ ਦਫ਼ਤਰ ਦਾ ਘਿਰਾਓ ਕਰਨ ਵੇਲੇ ਨੌਜਵਾਨ ਆਗੂਆਂ ’ਤੇ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਕੀਤੇ ਜਾਣ। ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਚੱਲ ਰਿਹਾ ਸੀ ਤਾਂ ਭਾਜਪਾ ਤੇ ਆਰਐੱਸਐੱਸ ਦਾ ਪੰਜਾਬ ਵਿੱਚ ਤਿੱਖਾ ਵਿਰੋਧ ਕੀਤਾ ਗਿਆ। ਇਸੇ ਵਿਰੋਧ ਦੇ ਸੱਦੇ ਤਹਿਤ ਉਸ ਵੇਲੇ ਸੰਗਰੂਰ ਵਿੱਚ ਆਰਐੱਸਐੱਸ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ, ਪਰ ਪੁਲੀਸ ਵੱਲੋਂ ਨੌਜਵਾਨ ਆਗੂਆਂ ’ਤੇ ਝੂਠੇ ਕੇਸ ਦਰਜ ਕੀਤੇ ਗਏ, ਜੋ ਅੱਜ ਗਵਾਹੀਆਂ ’ਤੇ ਪਹੁੰਚ ਗਏ ਹਨ। ਯੂਨੀਅਨ ਨੇ ਮੰਗ ਕੀਤੀ ਕਿ ਸਰਕਾਰ ਇਨਾਂ ਕੇਸਾਂ ਨੂੰ ਰੱਦ ਕਰੇ।