ਨਵੀਂ ਦਿੱਲੀ, 3 ਜਨਵਰੀ
ਮਹੀਨੇ ਤੋਂ ਵੱਧ ਸਮੇਂ ਤੋਂ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦੀਆਂ ਮੁਸ਼ਕਲਾਂ ਮੀਂਹ ਕਾਰਨ ਕਾਫ਼ੀ ਵੱਧ ਗਈਆਂ ਹਨ। ਅੰਦੋਲਨ ਵਾਲੀਆਂ ਥਾਵਾਂ ‘ਤੇ ਪਾਣੀ ਭਰਿਆ ਹੋਇਆ ਹੈ। ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਕਿਸਾਨ ਆਗੂ ਨੇ ਐਤਵਾਰ ਨੂੰ ਕਿਹਾ ਕਿ ਜਿਨ੍ਹਾਂ ਟੈਂਟਾਂ ਵਿੱਚ ਕਿਸਾਨ ਰਹਿ ਰਹੇ ਹਨ, ਉਹ ਵਾਟਰਪਰੂਫ ਹਨ ਪਰ ਉਹ ਠੰਢ ਤੇ ਪਾਣੀ ਖੜਨ ਦੀ ਸਮੱਸਿਆ ਤੋਂ ਉਹ ਬਚਾਅ ਨਹੀਂ ਕਰ ਸਕਦੇ। ਮੀਂਹ ਕਾਰਨ ਪ੍ਰਦਰਸ਼ਨ ਵਾਲੀਆਂ ਥਾਵਾਂ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ। ਥਾਂ ਥਾਂ ਪਾਣੀ ਖੜਿਆ ਹੈ ਤੇ ਠੰਢ ਵੀ ਵੱਧ ਗਈ ਹੈ। ਸਿੰਘੂ ਬਾਰਡਰ ’ਤੇ ਕਿਸਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਕੁੱਝ ਥਾਵਾਂ ’ਤੇ ਪਾਣੀ ਭਰ ਗਿਆ ਹੈ ਤੇ ਪਖਾਨਿਆਂ ਦੇ ਵੀ ਢੁਕਵੇਂ ਪ੍ਰਬੰਧ ਨਹੀਂ ਹਨ। ਉਸ ਨੇੇ ਕਿਹਾ ਕਿ ਭਾਵੇਂ ਹਾਲਾਤ ਮੁਸ਼ਕਲਾਂ ਭਰੇ ਹਨ ਪਰ ਉਹ ਆਪਣੀਆਂ ਮੰਗਾਂ ਮਨਵਾਏ ਬਗ਼ੈਰ ਵਾਪਸ ਨਹੀਂ ਜਾਣਗੇ।