ਮਨਧੀਰ ਦਿਓਲ
ਨਵੀਂ ਦਿੱਲੀ, 10 ਦਸੰਬਰ
ਦਿੱਲੀ ਵਿਚ ਲੱਗੇ ਕਿਸਾਨ ਮੋਰਚੇ ਵਿਚ ਅੱਜ ਬੀ.ਕੇ.ਯੂ. ਏਕਤਾ (ਉਗਰਾਹਾਂ) ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਅਤੇ ਇਸ ਨੂੰ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਸਮਰਪਿਤ ਕੀਤਾ ਗਿਆ। ਟਿਕਰੀ ਬਾਰਡਰ ਕੋਲ ਵਸਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਨਗਰ ’ਚ ਜੁੜੇ ਵਿਸ਼ਾਲ ਇਕੱਠ ਨੇ ਮੋਦੀ ਹਕੂਮਤ ਤੋਂ ਮੰਗ ਕੀਤੀ ਕਿ ਜੇਲ੍ਹੀਂ ਡੱਕੇ ਕਾਰਕੁਨ ਫੌਰੀ ਰਿਹਾਅ ਕੀਤੇ ਜਾਣ। ਗ੍ਰਿਫ਼ਤਾਰ ਕੀਤੇ ਕਾਰਕੁਨਾਂ ਦੀਆਂ ਤਸਵੀਰਾਂ ਵਾਲੀ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਦਾ ਦਿਹਾੜਾ ਮਨੁੱਖ ਦੇ ਜਿਉਣ ਦੇ ਹੱਕ, ਜ਼ਿੰਦਗੀ ਦੀ ਬਿਹਤਰੀ ਲਈ ਜੂਝਣ ਦੇ ਹੱਕ ਤੇ ਮਨੁੱਖਤਾ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਸੰਘਰਸ਼ਾਂ ਦੇ ਹੱਕ ਪੁਗਾਉਣ ਦੇ ਅਹਿਦ ਦਾ ਦਿਹਾੜਾ ਹੈ। ਇਹ ਦਿਹਾੜਾ ਅੱਜ ਹੱਕਾਂ ਲਈ ਜੂਝਦੇ ਕਿਸਾਨ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਮੁਲਕ ਦੇ ਨਾਮਵਰ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ’ਤੇ ਦਮਨ ਦਾ ਕੁਹਾੜਾ ਚਲਾਇਆ ਹੋਇਆ ਹੈ ਤੇ ਝੂਠੇ ਕੇਸ ਮੜ੍ਹ ਕੇ ਜੇਲ੍ਹਾਂ ’ਚ ਸੁੱਟਿਆ ਜਾ ਰਿਹਾ ਹੈ। ਲੋਕਾਂ ਲਈ ਕਲਮ ਚਲਾਉਣ ਵਾਲੇ ਲੇਖਕ, ਕਲਾਕਾਰ ਤੇ ਲੋਕਾਂ ’ਚ ਹੱਕਾਂ ਦੀ ਚੇਤਨਾ ਫੈਲਾਉਣ ਵਾਲੇ ਕਲਮਕਾਰਾਂ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ। ਮੁਲਕ ਵਿਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕੀਤੇ ਗਏ ਹਨ। ਅੱਜ ਦਾ ਸੰਘਰਸ਼ ਲੋਕਾਂ ਦੇ ਵਿਚਾਰ ਪ੍ਰਗਟਾਵੇ ਦੇ ਹੱਕ ਨੂੰ ਬੁਲੰਦ ਕਰਦਾ ਹੈ। ਇਸ ਮੌਕੇ ਜਮਹੂਰੀ ਹੱਕਾਂ ਦੀ ਲਹਿਰ ਦੇ ਕਾਰਕੁਨ ਤੇ ਦਿੱਲੀ ਯੂਨੀਵਰਸਿਟੀ ’ਚ ਸਮਾਜ ਸ਼ਾਸਤਰ ਦੇ ਪ੍ਰੋ. ਨੰਦਿਨੀ ਸੁੰਦਰ ਨੇ ਸੰਬੋਧਨ ਕਰਦਿਆਂ ਜੇਲ੍ਹੀ ਡੱਕੇ ਕਾਰਕੁਨਾਂ ਦੀ ਵਿਥਿਆ ਸੁਣਾਈ। ਨੰਦਿਨੀ ਸੁੰਦਰ ਨੇ 2007 ’ਚ ਛੱਤੀਸਗੜ੍ਹ ਅੰਦਰ ਸ਼ੁਰੂ ਕੀਤੇ ਗਏ ਸਲਵਾ ਜੁਡਮ ਖ਼ਿਲਾਫ਼ ਪਟੀਸ਼ਨ ਪਾਈ ਸੀ। ਪਿੰਜਰਾ ਤੋੜ ਮੁਹਿੰਮ ਦੀ ਆਗੂ ਤੇ ਕਾਰਕੁਨ ਨਤਾਸ਼ਾ ਨਰਵਾਲ (ਜੋ ਯੂਏਪੀਏ ਐਕਟ ਤਹਿਤ ਬੰਦ ਕੀਤੀ ਗਈ ਹੈ) ਦੇ ਪਿਤਾ ਪ੍ਰੋ. ਮਹਾਂਵੀਰ ਨਰਵਾਲ ਨੇ ਸੰਬੋਧਨ ਕੀਤਾ ਤੇ ਆਪਣੀ ਧੀ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਬੁਲੰਦ ਕੀਤਾ। ਨੈਸ਼ਨਲ ਅਲਾਇੰਸ ਆਫ ਪੀਪਲਜ਼ ਮੂਵਮੈਂਟ ਦੇ ਆਗੂ ਵਿਮਲ ਭਾਈ ਨੇ ਵੀ ਆਪਣੇ ਵਿਚਾਰ ਰੱਖੇ। ਜਮਹੂਰੀ ਲਹਿਰ ਦੀ ਕਾਰਕੁਨ ਤੇ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੀ ਧੀ ਡਾ. ਨਵਸ਼ਰਨ ਨੇ ਮੰਗ ਕੀਤੀ ਕਿ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ’ਤੇ ਲਾਈਆਂ ਪਾਬੰਦੀਆਂ ਹਟਾਈਆਂ ਜਾਣ ਤੇ ਯੂਏਪੀਏ ਸਮੇਤ ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ।
ਪਲਸ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਲੋਕ ਸੰਘਰਸ਼ਾਂ ਤੇ ਸਾਹਿਤਕਾਰਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉਭਾਰੀ। ਅੱਜ ਦੀ ਇਕੱਤਰਤਾ ’ਚ ਪੁੱਜੇ ਪੰਜਾਬੀ ਨਾਟਕ ਨਿਰਦੇਸ਼ਕ ਕੇਵਲ ਧਾਲੀਵਾਲ ਨੇ ਕਿਸਾਨ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕੀਤੀ। ਉਨ੍ਹਾਂ ਦੀ ਸੰਸਥਾ ਮੰਚ ਰੰਗ ਮੰਚ ਦੇ ਅਦਾਕਾਰਾਂ ਨੇ ਜੋਗਿੰਦਰ ਬਾਹਰਲੇ ਦਾ ਓਪੇਰਾ ‘ਹਾੜ੍ਹੀਆਂ ਸਾਉਣੀਆਂ’ ਪੇਸ਼ ਕੀਤਾ।