ਪੱਤਰ ਪ੍ਰੇਰਕ
ਰੂਪਨਗਰ, 4 ਦਸੰਬਰ
ਅੱਜ ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ (ਆਈ ਆਈਟੀ) ਰੋਪੜ ਦੀ 9ਵੀਂ ਸਾਲਾਨਾ ਕਾਨਵੋਕੇਸ਼ਨ ਕਰਵਾਈ ਗਈ। ਸਮਾਗਮ ਆਨਲਾਈਨ ਕਰਵਾਇਆ ਗਿਆ। ਇਸ ਸਾਲ ਆਈਆਈਟੀ ਰੋਪੜ ਦੇ ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਦੇ 318 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਤੇ ਵੱਖ-ਵੱਖ ਤਗ਼ਮੇ ਦਿੱਤੇ ਗਏ। ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈ਼ਸਰ ਕੇ ਵਿਜੇ ਰਾਘਵਨ ਨੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਆਪਣੇ ਕਾਨਵੋਕੇਸ਼ਨ ਭਾਸ਼ਣ ਵਿੱਚ ਪ੍ਰੋ. ਕੇ ਵਿਜੇਰਾਘਵਨ ਨੇ ਕਰੋਨਾ ਤੋਂ ਬਾਅਦ ਦੀਆਂ ਕੁਝ ਚੁਣੌਤੀਆਂ ਵੱਲ ਧਿਆਨ ਖਿੱਚਿਆ। ਉਨ੍ਹਾਂ ਆਸ ਪ੍ਰਗਟਾਈ ਕਿ ਵਿਗਿਆਨਕ ਅਤੇ ਇੰਜਨੀਅਰ ਇਨ੍ਹਾਂ ਚੁਣੌਤੀਆਂ ਰਾਹੀਂ ਵਿਸ਼ਵ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰਨ ਲਈ ਆਪਣਾ ਹਿੱਸਾ ਨਿਭਾਉਣਗੇ।