ਗਗਨਦੀਪ ਅਰੋੜਾ
ਲੁਧਿਆਣਾ, 28 ਜਨਵਰੀ
ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਹੋਏ ਘਟਨਾਕ੍ਰਮ ਲਈ ਕਿਸਾਨ ਜਥੇਬੰਦੀਆਂ ਤੇ ਹੋਰਨਾਂ ਲੋਕਾਂ ਵੱਲੋਂ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਜ਼ਿੰਮੇਵਾਰ ਦੱਸਣ ਮਗਰੋਂ ਹੁਣ ਅਦਾਕਾਰ ਦੀਪ ਸਿੱਧੂ ਤੇ ਲੱਖਾ ਸਿਧਾਣਾ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਆਪੋ-ਆਪਣਾ ਪੱਖ ਰੱਖ ਰਹੇ ਹਨ। ਦੋਵਾਂ ਨੇ ਪੰਜਾਬੀਆਂ ਨੂੰ ਏਕਾ ਬਣਾ ਕੇ ਇਸ ਅੰਦੋਲਨ ਨੂੰ ਜਿੱਤਣ ਦੀ ਅਪੀਲ ਵੀ ਕੀਤੀ ਹੈ।
ਲਾਲ ਕਿਲੇ ’ਤੇ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਲਹਿਰਾਏ ਜਾਣ ਲਈ ਦੀਪ ਸਿੱਧੂ ਨੂੰ ਵੱਖ-ਵੱਖ ਵੀਡੀਓਜ਼ ਰਾਹੀਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ। ਕਿਸਾਨ ਜਥੇਬੰਦੀਆਂ ਨੇ ਵੀ ਪੱਤਰਕਾਰ ਮਿਲਣੀ ਕਰ ਕੇ ਸਾਫ਼ ਕਹਿ ਦਿੱਤਾ ਸੀ ਕਿ ਦੀਪ ਸਿੱਧੂ ਕਰਕੇ ਹੀ ਕਿਸਾਨੀ ਸੰਘਰਸ਼ ਨੂੰ ਢਾਹ ਲੱਗੀ ਹੈ। ਇਸ ਮਗਰੋਂ ਰਾਤ ਕਰੀਬ ਇੱਕ ਵਜੇ ਦੀਪ ਸਿੱਧੂ ਆਪਣੀ ਸਫ਼ਾਈ ਦੇਣ ਲਈ ਫੇਸਬੁੱਕ ’ਤੇ ਲਾਈਵ ਹੋਇਆ ਤੇ ਉਸ ਨੇ 26 ਜਨਵਰੀ ਨੂੰ ਲਾਲ ਕਿਲੇ ’ਤੇ ਹੋਈ ਘਟਨਾ ਬਾਰੇ ਸਪੱਸ਼ਟੀਕਰਨ ਦਿੱਤਾ। ਵੀਡੀਓ ਵਿੱਚ ਦੀਪ ਸਿੱਧੂ ਨੇ ਕਿਹਾ ਕਿ ਉਹ ਗ਼ੱਦਾਰ ਨਹੀਂ ਹੈ। ਉਸ ਨੇ ਕਿਸਾਨਾਂ ਤੇ ਪੰਜਾਬੀਆਂ ਨੂੰ ਕਿਸਾਨ ਅੰਦੋਲਨ ਦੀ ਜਿੱਤ ਲਈ ਵਾਪਸ ਪਰਤਣ ਤੇ ਏਕਾ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਸ ਦੀ ਇਹ 17 ਮਿੰਟ ਦੀ ਵੀਡੀਓ ਰਾਤੋ-ਰਾਤ ਵਾਇਰਲ ਹੋ ਗਈ ਤੇ ਲੱਖਾਂ ਦੀ ਗਿਣਤੀ ਵਿੱਚ ਸ਼ੇਅਰ ਵੀ ਹੋ ਚੁੱਕੀ ਹੈ।
ਵੀਡੀਓ ਵਿੱਚ ਦੀਪ ਸਿੱਧੂ ਨੇ ਕਿਹਾ ਕਿ ਉਸ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਹਾਲੇ ਵੀ ਸਿੰਘੂ ਬਾਰਡਰ ’ਤੇ ਹੀ ਹੈ, ਜਦਕਿ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਕਿਸਾਨੀ ਸੰਘਰਸ਼ ਵਿੱਚੋਂ ਭਗੌੜਾ ਹੋ ਗਿਆ ਹੈ। ਉਸ ਨੇ ਕਿਹਾ ਕਿ 25 ਜਨਵਰੀ ਦੀ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਹੀ ਸੰਗਤ ਦੇ ਹੁਕਮ ਤੋਂ ਬਾਅਦ ਸੰਗਤ ਤੇ ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਸਭ ਸਵੇਰੇ ਦਿੱਲੀ ਜਾਣਗੇ। ਫਿਰ ਇਹ ਕਿਉਂ ਸਾਬਤ ਕੀਤਾ ਜਾ ਰਿਹਾ ਹੈ ਕਿ ਇਹ ਫ਼ੈਸਲਾ ਉਸ ਨੇ ਇਕੱਲਿਆਂ ਲਿਆ ਹੈ। ਉਸ ਨੇ ਕਿਹਾ ਕਿ ਜਦੋਂ 26 ਜਨਵਰੀ ਨੂੰ ਉਹ ਲਾਲ ਕਿਲੇ ’ਤੇ ਪੁੱਜੇ ਸਨ, ਉਦੋਂ ਤਕ ਸੰਗਤ ਗੇਟ ਤੋੜ ਚੁੱਕੀ ਸੀ, ਸੈਂਕੜੇ ਟਰੈਕਟਰ ਤੇ ਲੋਕ ਲਾਲ ਕਿਲੇ ਦੇ ਅੰਦਰ ਸਨ, ਪਰ ਉਸ ਵੇਲੇ ਕੋਈ ਵੀ ਕਿਸਾਨ ਆਗੂ ਅੰਦਰ ਨਹੀਂ ਸੀ। ਨੌਜਵਾਨਾਂ ਨੇ ਤਿਰੰਗੇ ਦੇ ਨਾਲ ਖਾਲੀ ਪਏ ਖੰਭੇ ’ਤੇ ਪਹਿਲਾਂ ਨਿਸ਼ਾਨ ਸਾਹਿਬ ਤੇ ਫਿਰ ਕਿਸਾਨੀ ਝੰਡਾ ਲਹਿਰਾਇਆ, ਕਿਸੇ ਨੇ ਕੋਈ ਹਿੰਸਾ ਨਹੀਂ ਕੀਤੀ ਤੇ ਨਾ ਕੋਈ ਤੋੜ-ਭੰਨ ਹੋਈ।
ਉਸ ਨੇ ਕਿਹਾ ਕਿ ਉਸ ਨੂੰ ਲਗਾਤਾਰ ਆਰਐੱਸਐੱਸ ਤੇ ਭਾਜਪਾ ਦਾ ਬੰਦਾ ਕਿਹਾ ਜਾ ਰਿਹਾ ਹੈ, ਪਰ ਆਰਐੱਸਐੱਸ ਦਾ ਬੰਦਾ ਲਾਲ ਕਿਲੇ ’ਤੇ ਝੰਡਾ ਕਿਉਂ ਲਹਿਰਾਏਗਾ। ਉਸ ਨੇ ਦਾਅਵਾ ਕੀਤਾ ਕਿ ਸਰਕਾਰ ਉਸ ਨੂੰ ਮਰਵਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਉਸ ਨੇ ਕਿਹਾ, ‘ਹੁਣ ਸਾਡਾ ਮਕਸਦ ਸਿਰਫ਼ ਇਸ ਮੋਰਚੇ ਨੂੰ ਜਿੱਤਣਾ ਹੈ, ਜਿਸ ਲਈ ਏਕਾ ਬਣਾ ਕੇ ਰੱਖੋ।’
ਸਿਧਾਣਾ ਨੇ ਘਟਨਾ ਲਈ ਕੇਂਦਰ ਨੂੰ ਜ਼ਿੰਮੇਵਾਰ ਦੱਸਿਆ
ਵੀਰਵਾਰ ਬਾਅਦ ਦੁਪਹਿਰ ਲੱਖਾ ਸਿਧਾਣਾ ਨੇ ਕਿਸਾਨ ਅੰਦੋਲਨ ਤੋਂ ਹੀ ਲਾਈਵ ਹੋ ਕੇ ਪੰਜਾਬੀਆਂ ਨੂੰ ਇਸ ਅੰਦੋਲਨ ’ਚ ਪਰਤਣ ਲਈ ਅਪੀਲ ਕੀਤੀ। ਉਸ ਨੇ ਕਿਹਾ ਕਿ ਜੋ ਵੀ ਹੋਇਆ, ਉਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਸ ਨੇ ਆਖਿਆ ਕਿ ਜਦੋਂ ਵੀ ਸਰਕਾਰ ਖ਼ਿਲਾਫ਼ ਅਜਿਹੇ ਵੱਡੇ ਸੰਘਰਸ਼ ਹੁੰਦੇ ਹਨ ਤਾਂ ਅਜਿਹੀਆਂ ਸਾਜ਼ਿਸ਼ਾਂ ਵੀ ਹੁੰਦੀਆਂ ਹਨ। ਇਹ ਸਮਾਂ ਕਿਸ ਨੇ ਕੀ ਕੀਤਾ, ਇਹ ਦੇਖਣ ਦਾ ਨਹੀਂ, ਸਗੋਂ ਇਕਜੁੱਟ ਹੋ ਕੇ ਇਸ ਅੰਦੋਲਨ ਨੂੰ ਬਚਾਉਣ ਦਾ ਹੈ। ਲੱਖਾ ਸਿਧਾਣਾ ਨੇ ਆਖਿਆ, ‘ਮੈਨੂੰ ਗ਼ੱਦਾਰ ਆਖਿਆ ਜਾ ਰਿਹਾ ਹੈ, ਪਰ ਮੈਨੂੰ ਕੋਈ ਫ਼ਰਕ ਨਹੀਂ, ਮੈਨੂੰ ਜੋ ਮਰਜ਼ੀ ਆਖ ਲਓ। ਇਹ ਅੰਦੋਲਨ ਜਿੱਤਣ ਮਗਰੋਂ ਭਾਵੇਂ ਮੇਰੇ ਮੱਥੇ ’ਤੇ ਗ਼ੱਦਾਰ ਲਿਖ ਦਿਓ, ਪਰ ਇਸ ਵੇਲੇ ਲੋੜ ਹੈ ਕਿ ਅਸੀਂ ਕਿਸੇ ਤਰ੍ਹਾਂ ਅੰਦੋਲਨ ਨੂੰ ਬਚਾਈਏ।’ ਕਰੀਬ 17 ਮਿੰਟ ਤੋਂ ਵੱਧ ਦੀ ਵੀਡੀਓ ’ਚ ਸਿਧਾਣਾ ਲੋਕਾਂ ਨੂੰ ਇਸ ਅੰਦੋਲਨ ਨੂੰ ਬਚਾਉਣ ਦੀ ਅਪੀਲ ਕਰਦਾ ਰਿਹਾ।