ਸਮਰਾਲਾ: ਪਿੰਡ ਘਰਖਣਾ ਵਿੱਚ 24 ਸਾਲਾ ਨੌਜਵਾਨ ਸਨਪ੍ਰੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਜਨਕ ਸਿੰਘ ਨੇ ਤਿੰਨ ਨੌਜਵਾਨਾਂ ’ਤੇ ਉਸ ਦੇ ਪੁੱਤਰ ਨੂੰ ਨਸ਼ੇ ਦੀ ਓਵਰਡੋਜ਼ ਦੇਣ ਦਾ ਦੋਸ਼ ਲਾਇਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਜਨਕ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਕੰਮ ਤੋਂ ਘਰ ਪਰਤਿਆ ਤਾਂ ਉਸ ਦਾ ਪੁੱਤਰ ਘਰ ਨਹੀਂ ਸੀ। ਉਸ ਨੂੰ ਕਿਸੇ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਕੁਝ ਨੌਜਵਾਨਾਂ ਨਾਲ ਬੱਸ ਅੱਡੇ ’ਤੇ ਬੈਠਾ ਹੈ। ਜਦੋਂ ਉਹ ਅੱਡੇ ’ਤੇ ਗਿਆ ਤਾਂ ਉੱਥੇ ਨਸ਼ੇ ਦੀ ਹਾਲਤ ਵਿੱਚ ਬੈਠੇ ਜਗਜੀਤ ਸਿੰਘ ਅਤੇ ਰਵੀ ਨੇ ਦੱਸਿਆ ਕਿ ਉਸ ਦਾ ਬੇਟਾ ਇਕ ਹੋਰ ਲੜਕੇ ਨਿੰਦਰ ਨਾਲ ਕਿਤੇ ਗਿਆ ਹੈ। ਜਦੋਂ ਉਹ ਆ ਗਿਆ ਤਾਂ ਉਸ ਨੂੰ ਘਰ ਭੇਜ ਦੇਣਗੇ। ਪੂਰੀ ਰਾਤ ਉਸ ਦਾ ਪੁੱਤ ਘਰ ਨਹੀਂ ਪਰਤਿਆ। ਅਗਲੇ ਦਿਨ ਉਹ ਕੰਮ ’ਤੇ ਚਲਾ ਗਿਆ ਤੇ ਪਿੱਛੋਂ ਉਸ ਦੀ ਧੀ ਨੇ ਫੋਨ ਕਰ ਕੇ ਦੱਸਿਆ ਕਿ ਸਨਪ੍ਰੀਤ ਬੇਹੋਸ਼ੀ ਦੀ ਹਾਲਤ ਵਿੱਚ ਪਿੰਡ ਦੀ ਸਮਾਧ ਕੋਲ ਡਿੱਗਿਆ ਹੋਇਆ ਹੈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਨਕ ਸਿੰਘ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਤਿੰਨ-ਚਾਰ ਨੌਜਵਾਨਾਂ ਨੂੰ ਪਿੰਡ ਵਿੱਚ ਨਸ਼ਾ ਵੇਚਣ ਤੋਂ ਵਰਜਿਆ ਸੀ ਅਤੇ ਉਨ੍ਹਾਂ ਨੌਜਵਾਨਾਂ ਨੇ ਹੀ ਉਸ ਦੇ ਪੁੱਤਰ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰ ਦਿੱਤਾ ਹੈ। ਪੁਲੀਸ ਨੇ ਜਗਜੀਤ ਸਿੰਘ, ਨਰਿੰਦਰ ਸਿੰਘ ਤੇ ਜਗਜੀਤ ਸਿੰਘ ਖ਼ਿਲਾਫ਼ ਕੇਸ ਦਰ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। -ਪੱਤਰ ਪ੍ਰੇਰਕ