ਗੁਰਨਾਮ ਸਿੰਘ ਚੌਹਾਨ
ਪਾਤੜਾਂ, 8 ਅਗਸਤ
ਨਾਜਾਇਜ਼ ਸ਼ਰਾਬ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਪਿੰਡ ਭੂਤਗੜ੍ਹ ਦੇ ਵਿਅਕਤੀ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਮਗਰੋਂ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਣੀ ਸੰਘਰਸ਼ ਕਮੇਟੀ ਵੱਲੋਂ ਥਾਣਾ ਪਾਤੜਾਂ ਸਾਹਮਣੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ ਪਰ ਪ੍ਰਸ਼ਾਸਨ ਵੱਲੋਂ ਮਾਮਲੇ ਦੇ ਹੱਲ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਅਸਫਲ ਰਹੀਆਂ। ਧਿਰ ਨਾਲ ਸਬੰਧਤ ਇਕ ਆਗੂ ਵੱਲੋਂ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਕੁਝ ਵਿਅਕਤੀਆਂ ਨੂੰ ਸੰਘਰਸ਼ ਕਮੇਟੀ ਤੋਂ ਵੱਖ ਕਰਕੇ ਪੁਲੀਸ ਪ੍ਰਸ਼ਾਸਨ ਨਾਲ ਕਰਵਾਈ ਗੱਲਬਾਤ ਸਿਰੇ ਨਹੀਂ ਚੜ੍ਹੀ। ਸੰਘਰਸ਼ ਕਮੇਟੀ ਨੂੰ ਭਰੋਸੇ ਵਿੱਚ ਨਾ ਲਏ ਜਾਣ ਤੋਂ ਕਮੇਟੀ ਦੇ ਆਗੂ ਖ਼ਫ਼ਾ ਹੋ ਗਏ ਜਿਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਸਟੇਜ ਤੋਂ ਮੁਆਫੀ ਮੰਗੀ। ਸੰਘਰਸ਼ ਕਮੇਟੀ ਨੇ ਪੋਸਟਮਾਰਟਮ ਮਗਰੋਂ ਮ੍ਰਿਤਕ ਦੀ ਲਾਸ਼ ਥਾਣੇ ਸਾਹਮਣੇ ਰੱਖ ਕੇ ਅਣਮਿੱਥੇ ਸਮੇਂ ਦਾ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਬਲਾਕ ਪ੍ਰਧਾਨ ਹਰਭਜਨ ਸਿੰਘ ਧੂਹੜ, ਲੋਕ ਸੰਘਰਸ਼ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਰਮਿੰਦਰ ਸਿੰਘ ਪਟਿਆਲਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਚੰਦ ਨਨਹੇੜਾ ਨੇ ਕਿਹਾ ਕਿ ਬੀਰਬਲ ਸਿੰਘ ਦੀ ਪਤਨੀ ਵੀ ਅਪਾਹਜ ਹੈ ਅਤੇ ਉਸ ਦੇ ਪੰਜ ਬੱਚੇ ਹਨ। ਉਨ੍ਹਾਂ ਪਰਿਵਾਰ ਨੂੰ ਪੱਚੀ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਤੇ ਲਾਪ੍ਰਵਾਹੀ ਵਰਤਣ ਵਾਲੇ ਪੁਲੀਸ ਕਰਮਚਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ।