ਸੰਜੀਵ ਬੱਬੀ
ਚਮਕੌਰ ਸਾਹਿਬ, 14 ਜਨਵਰੀ
ਚਮਕੌਰ ਸਾਹਿਬ-ਨੀਲੋਂ ਸੜਕ ’ਤੇ ਪੈਂਦੇ ਪਿੰਡ ਬਹਿਲੋਲਪੁਰ ਕੋਲ ਅੱਜ ਸਵੇਰੇ ਧੁੰਦ ਕਾਰਨ ਬੱਸ ਤੇ ਮਹਿੰਦਰਾ ਪਿਕਅੱਪ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਕਾਰਨ ਮਹਿੰਦਰਾ ਪਿਕਅੱਪ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਨਾਲ ਬੈਠੇ ਵਿਅਕਤੀ ਦੇ ਮਾਮੂਲੀ ਸੱਟਾਂ ਵੱਜੀਆਂ। ਪੁਲੀਸ ਚੌਕੀ ਡੱਲਾ ਦੇ ਇੰਚਾਰਜ ਚੌਧਰੀ ਧਰਮਪਾਲ ਨੇ ਦੱਸਿਆ ਕਿ ਚਮਕੌਰ ਸਾਹਿਬ ਤੋਂ ਸਿੰਡੀਕੇਟ ਦੀ ਬੱਸ (ਨੰਬਰ ਪੀਬੀ12ਵਾਈ-2004) ਸਮਰਾਲਾ ਜਾ ਰਹੀ ਸੀ, ਜਦੋਂ ਉਹ ਪਿੰਡ ਬਹਿਲੋਲਪੁਰ ਦੇ ਪੁਲ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਮਹਿੰਦਰਾ ਪਿਕਅੱਪ (ਨੰਬਰ ਪੀਬੀ12ਡੀ-9831) ’ਚ ਵੱਜੀ, ਜਿਸ ਕਾਰਨ ਮਹਿੰਦਰਾ ਗੱਡੀ ਦੇ ਡਰਾਈਵਰ ਚਰਨਜੀਤ ਸਿੰਘ ਪਿੰਡ ਗੜ੍ਹੀ ਸੈਣੀਆਂ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਨਾਲ ਬੈਠੇ ਵਿਅਕਤੀ ਸੁਖਦੇਵ ਸਿੰਘ ਪਿੰਡ ਝਾੜ ਸਾਹਿਬ ਦੇ ਮਾਮੂਲੀ ਸੱਟਾਂ ਵੱਜੀਆਂ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਸਬੰਧੀ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ ਬੱਸ ਦੇ ਡਰਾਈਵਰ ਗੁਰਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇੱਥੇ ਇਹ ਵੀ ਪਤਾ ਲੱਗਿਆ ਹੈ ਕਿ ਮਹਿੰਦਰਾ ਗੱਡੀ ਗੁਰਦੁਆਰਾ ਝਾੜ ਸਾਹਿਬ ਦੀ ਹੈ ਅਤੇ ਇਹ ਸਵੇਰੇ ਗੁਰਦੁਆਰਾ ਸ੍ਰੀ ਜੰਡ ਸਾਹਿਬ ਆ ਰਹੇ ਸਨ।