ਜਗਮੋਹਨ ਸਿੰਘ
ਰੂਪਨਗਰ, 23 ਸਤੰਬਰ
ਪੰਜਾਬ ਸਰਕਾਰ ਵੱਲੋਂ ਬਣਾਈ ਨਵੀਂ ਖਣਨ ਨੀਤੀ ਦੇ ਖਿਲਾਫ ਕਰੱਸ਼ਰ ਮਾਲਕਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਅੰਦਰ ਵਿੱਢੇ ਜਾਣ ਵਾਲੇ ਸੰਘਰਸ਼ ਦੀ ਸ਼ੁਰੂਆਤ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਪਣੇ ਜ਼ਿਲ੍ਹੇ ਤੋਂ ਹੋਈ ਹੈ। ਅੱਜ ਵੱਡੀ ਗਿਣਤੀ ਸਟੋਨ ਕਰੱਸ਼ਰ ਅਤੇ ਸਕਰੀਨਿੰਗ ਪਲਾਂਟ ਮਾਲਕਾਂ ਤੋਂ ਇਲਾਵਾ ਕਰੱਸ਼ਰ ਇੰਡਸਟਰੀ ਦੇ ਧੰਦੇ ਨਾਲ ਅਸਿੱਧੇ ਤੌਰ ’ਤੇ ਜੁੜੇ ਵਿਅਕਤੀਆਂ ਜਿਨ੍ਹਾਂ ਵਿੱਚ ਟਿੱਪਰ ਮਾਲਕ, ਟਿੱਪਰ ਚਾਲਕ, ਮਿਸਤਰੀ, ਮਜ਼ਦੂਰ ਅਤੇ ਹੋਰ ਕਈ ਵਰਗ ਸ਼ਾਮਲ ਹਨ, ਨੇ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਪ੍ਰਭਾਵਸ਼ਾਲੀ ਇਕੱਠ ਕਰਨ ਤੋਂ ਬਾਅਦ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫਤਰ ਤੱਕ ਰੋਸ ਮਾਰਚ ਕਰਨ ਉਪਰੰਤ ਡੀ.ਸੀ. ਨੂੰ ਮੰਗ ਪੱਤਰ ਸੌਂਪ ਕੇ ਇੱਕ ਹਫਤੇ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਵਾਉਣ ਦੀ ਮੰਗ ਕੀਤੀ ਅਤੇ ਮੁਲਾਕਾਤ ਨਾ ਕਰਵਾਏ ਜਾਣ ਦੀ ਸੂਰਤ ਵਿੱਚ ਸੰਘਰਸ਼ ਨੂੰ ਤਿੱਖਾ ਕਰਨ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਸਟੋਨ ਕਰੱਸ਼ਰ ਅਤੇ ਸਕਰੀਨਿੰਗ ਪਲਾਂਟ ਐਸੋਸੀਏਸ਼ਨ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਅਜਵਿੰਦਰ ਸਿੰਘ ਬੇਈਹਾਰਾ, ਸਕੱਤਰ ਸਰਬਜੀਤ ਸਿੰਘ, ਖਜ਼ਾਨਚੀ ਪਰਮਜੀਤ ਸਿੰਘ, ਮਨਜੀਤ ਸਿੰਘ ਘਨੌਲੀ , ਗਰਮੁੱਖ ਸਿੰਘ ਸੈਣੀ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਰੇਤਾ ਬਜਰੀ ਮਹਿੰਗਾ ਹੋਣ ਕਾਰਨ ਉਸਾਰੀ ਮਜ਼ਦੂਰਾਂ ਵੱਲੋਂ ਰੈਲੀ
ਨੂਰਪੁਰ ਬੇਦੀ (ਬਲਵਿੰਦਰ ਰੈਤ): ਉਸਾਰੀ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲੀ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਵੱਲੋਂ ਰਾਮ ਸਿੰਘ ਸੈਣੀ ਮਾਜਰਾ ਦੀ ਪ੍ਰਧਾਨਗੀ ਹੇਠ ਭਰਪੂਰ ਰੈਲੀ ਕੱਢੀ ਗਈ। ਜਥੇਬੰਦੀ ਦੇ ਨੁਮਾਇੰਦਿਆਂ ਨੇ ਰੈਲੀ ਤੋਂ ਬਾਅਦ ਬੀਡੀਪੀਓ ਨੂਰਪੁਰ ਬੇਦੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੇਮ ਜੱਟਪੁਰ, ਆਜਜਿ ਰਹਿਮਾਨ, ਦਲੀਪ ਸਿੰਘ ਧਨੌਲਾ, ਰਾਮ ਸਿੰਘ ਲਸਾੜੀ, ਭਜਨ ਸਿੰਘ, ਮੋਹਣ ਲਾਲ, ਰਾਜਿੰਦਰ ਕੁਮਾਰ, ਗਿਰਦਾਰੀ ਲਾਲ ਨੇ ਕਿਹਾ ਕਿ ਰੇਤਾ-ਬਜਰੀ ਮਹਿੰਗੇ ਹੋਣ ਕਾਰਨ ਉਸਾਰੀ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਹੈ।