ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 19 ਅਗਸਤ
ਪੰਜਾਬ ਦੇ ਪਾਣੀਆਂ ਦੇ ਮਾਹਿਰ, ਵਾਤਾਵਰਨ ਪ੍ਰੇਮੀ ਅਤੇ ਸਾਬਕਾ ਪੀਸੀਐੱਸ ਅਫ਼ਸਰ ਪ੍ਰੀਤਮ ਸਿੰਘ ਕੁੰਮੇਦਾਨ (100) ਦਾ ਇੱਥੋਂ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਲੰਘੇ ਬੁੱਧਵਾਰ ਅਚਾਨਕ ਤਬੀਅਤ ਵਿਗੜਨ ਮਗਰੋਂ ਪ੍ਰੀਤਮ ਸਿੰਘ ਨੂੰ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਲੰਘੀ ਦੇਰ ਸ਼ਾਮ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸਸਕਾਰ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਮੁਹਾਲੀ ਪ੍ਰਸ਼ਾਸਨ ਵੱਲੋਂ ਏਡੀਸੀ ਅਮਨਿੰਦਰ ਕੌਰ ਬਰਾੜ ਤੇ ਐੱਸਡੀਐੱਮ ਸਰਬਜੀਤ ਕੌਰ, ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਲਾ ਅਤੇ ਹੋਰ ਹਾਜ਼ਰ ਸਨ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕੁੰਮੇਦਾਨ ਬਿਨਾਂ ਕਿਸੇ ਲੋਭ ਲਾਲਚ ਤੋਂ ਉਮਰ ਭਰ ਪੰਜਾਬ ਦੇ ਪਾਣੀਆਂ ਅਤੇ ਹੱਕਾਂ ਲਈ ਲੜਦੇ ਰਹੇ ਹਨ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕੁੰਮੇਦਾਨ ਦੀ ਮੌਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਕੁੰਮੇਦਾਨ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਨਾ ਕਰਨ ’ਤੇ ਸਰਕਾਰ ਨਾਲ ਗਿਲਾ ਕਰਦਿਆਂ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇਕਰ ਅੱਜ ਸਰਕਾਰੀ ਸਨਮਾਨ ਨਾਲ ਪੰਜਾਬ ਦੇ ਪਹਿਰੇਦਾਰ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਂਦੀ।
ਭਗਵੰਤ ਮਾਨ ਤੇ ਸੁਖਬੀਰ ਬਾਦਲ ਵੱਲੋਂ ਦੁੱਖ ਦਾ ਪ੍ਰਗਟਾਵਾ
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਜ਼ਰੀਏ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੀਤਮ ਸਿੰਘ ਕੁੰਮੇਦਾਨ ਪੰਜਾਬ ਦੇ ਸੱਚੇ ਸਪੂਤ ਸਨ। ਉਨ੍ਹਾਂ ਲਿਖਿਆ ਕਿ ਆਪਣੀ ਧਰਤੀ ਤੇ ਦਰਿਆਈ ਪਾਣੀਆਂ ਦੇ ਹੱਕਾਂ ਲਈ ਆਖ਼ਰੀ ਸਾਹ ਤੱਕ ਲੜਨ ਵਾਲੇ ਇਸ ਯੋਧੇ ਦੇ ਸਦੀਵੀ ਵਿਛੋੜੇ ਨਾਲ ਵੱਡਾ ਧੱਕਾ ਲੱਗਾ। ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਕਿ ਕੁੰਮੇਦਾਨ ਦੇ ਦੇਹਾਂਤ ਨਾਲ ਭਾਰਤ ਨੇ ਆਪਣਾ ਦਰਿਆਈ ਪਾਣੀ ਮਾਹਿਰ ਤੇ ਜਨਸੰਖਿਆ ਵਿਸ਼ਲੇਸ਼ਕ ਗੁਆ ਦਿੱਤਾ ਹੈ। ਕੁੰਮੇਦਾਨ ਦੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਅਥਾਹ ਵਫ਼ਾਦਾਰੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਕੁੰਮੇਦਾਨ ਦਾ ਪਾਣੀਆਂ ਦੀ ਰਾਖੀ ਲਈ ਵੱਡਾ ਯੋਗਦਾਨ: ਧਾਮੀ
ਅੰਮ੍ਰਿਤਸਰ (ਟਨਸ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪ੍ਰੀਤਮ ਸਿੰਘ ਕੁੰਮੇਦਾਨ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਵੱਡਾ ਯੋਗਦਾਨ ਪਾਇਆ ਅਤੇ ਉਹ ਸੂਬਿਆਂ ਨੂੰ ਵਧੇਰੇ ਅਧਿਕਾਰ ਦੇਣ ਲਈ ਹਮੇਸ਼ਾ ਆਵਾਜ਼ ਚੁੱਕਦੇ ਰਹੇ। ਉਨ੍ਹਾਂ ਕਿਹਾ ਕਿ ਪ੍ਰੀਤਮ ਸਿੰਘ ਪੰਜਾਬ ਦੇ ਮਸਲਿਆਂ ਨੂੰ ਸਮਰਪਿਤ ਸ਼ਖ਼ਸੀਅਤ ਸਨ, ਜਿਨ੍ਹਾਂ ਵੱਲੋਂ ਪਾਣੀਆਂ ਦੀ ਰਾਖੀ ਲਈ ਨਿਭਾਈ ਭੂਮਿਕਾ ਨੂੰ ਯਾਦ ਰੱਖਿਆ ਜਾਵੇਗਾ।