ਰਾਜਿੰਦਰ ਜੈਦਕਾ
ਅਮਰਗੜ੍ਹ, 23 ਸਤੰਬਰ
ਬਨਭੌਰਾ-ਜੈਨਪੁਰ ਤੇ ਢਢੋਗਲ-ਜੈਨਪੁਰ ਦੇ ਸੇਮ ਨਾਲੇ ਵਿੱਚੋਂ ਗਊਆਂ ਦੇ ਅੰਗ ਮਿਲਣ ਕਾਰਨ ਲੋਕਾਂ ਵਿੱਚ ਰੋਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੈਨਪੁਰ ਤੋਂ ਬਨਭੌਰਾ ਸੇਮ ਨਾਲੇ ਵਿੱਚੋਂ 8 ਅਤੇ ਢਢੋਗਲ ਤੋਂ ਜੈਨਪੁਰ ਲਿੰਕ ਰੋਡ ਸੇਮ ਨਾਲੇ ਵਿੱਚੋਂ 9 ਤੋਂ ਵੱਧ ਗਊਆਂ ਦੇ ਅੰਗ ਮਿਲੇ ਹਨ।
ਕਿਸਾਨ ਜਤਿੰਦਰ ਸਿੰਘ ਸੋਹੀ ਬਨਭੌਰਾ ਨੇ ਦੱਸਿਆ ਕਿ ਅੱਜ ਸਵੇਰੇ ਖੇਤ ਗੇੜਾ ਮਾਰਨ ਸਮੇਂ ਉਸ ਨੂੰ ਸੇਮ ਨਾਲੇ ’ਚ ਗਊਆਂ ਦੇ ਅੰਗ ਦਿਖਾਈ ਦਿੱਤੇ, ਜਿਸ ਮਗਰੋਂ ਉਸ ਨੇ ਤੁਰੰਤ ਕ੍ਰਿਸ਼ਨਾ ਗਊਸ਼ਾਲਾ ਦੇ ਪ੍ਰਧਾਨ ਅਤੇ ਹੋਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਐੱਸਐੱਸਪੀ ਅਵਨੀਤ ਕੌਰ, ਐੱਸਪੀ ਡੀ ਜਗਦੀਸ਼ ਬਿਸ਼ਨੋਈ, ਡੀਐੱਸਪੀ ਗੁਰਇਕਬਾਲ ਸਿੰਘ ਤੇ ਥਾਣਾ ਮੁਖੀ ਵਿਨਰਪ੍ਰੀਤ ਸਿੰਘ ਨੇ ਜੇਬੀਸੀ ਦੀ ਮਦਦ ਨਾਲ ਗਊਆਂ ਦੇ ਅੰਗਾਂ ਨੂੰ ਸੇਮ ਨਾਲੇ ’ਚੋਂ ਕਢਵਾਉਣ ਮਗਰੋਂ ਟੋਆ ਪੁੱਟ ਕੇ ਦਬਾ ਦਿੱਤਾ। ਵੈਟਰਨਰੀ ਡਾਕਟਰ ਸੁਖਪਾਲ ਸਿੰਘ, ਡਾ. ਵਿਕਰਮ ਕਪੂਰ ਅਤੇ ਇੰਸਪੈਕਟਰ ਜਸਵੀਰ ਸਿੰਘ ਨੇ ਮੌਕੇ ਤੋਂ ਨਮੂਨੇ ਇਕੱਤਰ ਕੀਤੇ। ਇਸ ਮੌਕੇ ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਪਟਿਆਲਾ, ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਹਰੀਸ਼ ਸਿੰਗਲਾ ਅਤੇ ਕ੍ਰਿਸ਼ਨ ਪਵਾਰ ਨੇ ਪੁਲੀਸ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।