ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 23 ਦਸੰਬਰ
ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਸ਼ਹਿਰ ਧਾਰੀਵਾਲ ਦੀ ਕ੍ਰਿਸ਼ਨਾ ਗਲੀ ਦੇ ਵਸਨੀਕ ਇੱਕ ਪਰਿਵਾਰ ਦੇ ਤਿੰਨ ਜੀਆਂ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਵਿੱਚ ਨਰੇਸ਼ ਸ਼ਰਮਾ (42), ਉਸ ਦੀ ਪਤਨੀ ਭਾਰਤੀ ਸ਼ਰਮਾ (38) ਅਤੇ ਧੀ ਮਾਨਸੀ ਸ਼ਰਮਾ (17) ਸ਼ਾਮਲ ਹਨ। ਥਾਣਾ ਧਾਰੀਵਾਲ ਦੀ ਪੁਲੀਸ ਨੇ ਇਸ ਸਬੰਧੀ ਦਸ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਰੇਸ਼ ਸ਼ਰਮਾ ਦੇ ਪੁੱਤਰ ਕੁਨਾਲ ਸ਼ਰਮਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਤਾ ਭਾਰਤੀ ਸ਼ਰਮਾ ਲਗਪਗ 15 ਸਾਲ ਪਹਿਲਾਂ ਕਮੇਟੀਆਂ ਪਾਉਣ ਦਾ ਕੰਮ ਕਰਦੀ ਸੀ ਅਤੇ ਪਿਤਾ ਰੇਹੜੀ ਰਾਹੀਂ ਗੰਨੇ ਦਾ ਜੂਸ ਵੇਚਦਾ ਸੀ। ਦੋ ਮਹੀਨੇ ਪਹਿਲਾਂ ਉਸ ਦੇ ਮਾਤਾ-ਪਿਤਾ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜੋ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਉਂਦੇ ਰਹੇ। ਜਦੋਂ ਉਹ ਘਰ ਆਏ ਤਾਂ ਗੀਤਾਂਜਲੀ, ਉਸ ਦੀ ਭਰਜਾਈ ਸੋਨੀਆ ਪਤਨੀ ਨਰਿੰਦਰ ਵਿੱਜ, ਅਮਿਤ ਧੁੰਨਾ, ਨਰਿੰਦਰ ਵਿੱਜ, ਜਸਪਾਲ ਬੇਦੀ, ਅਮਿਤ ਸੁਨਿਆਰਾ, ਦਰਸ਼ਨਾ ਬੱਬਰ, ਦੀਪਾ ਮਹਾਜਨ ਵਾਸੀ ਧਾਰੀਵਾਲ ਪੈਸਿਆਂ ਦੇ ਲੈਣ-ਦੇਣ ਸਬੰਧੀ ਉਨ੍ਹਾਂ ਦੇ ਘਰ ਆਏ ਤੇ ਉਸ ਦੇ ਮਾਤਾ-ਪਿਤਾ ਨੂੰ ਧਮਕੀਆਂ ਦਿੱਤੀਆਂ ਕਿ ਉਹ ਉਨ੍ਹਾਂ ਦੀ ਲੜਕੀ ਮਾਨਸੀ ਨੂੰ ਚੁੱਕ ਕੇ ਲੈ ਜਾਣਗੇ ਅਤੇ ਉਨ੍ਹਾਂ ਦੇ ਮਕਾਨ ਨੂੰ ਅੱਗ ਲਗਾ ਦੇਣਗੇ। ਇਸ ਕਾਰਨ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਸਥਿਤ ਇੱਕ ਧਾਰਮਿਕ ਅਸਥਾਨ ’ਤੇ 10-12 ਦਿਨਾਂ ਲਈ ਚਲਾ ਗਿਆ। ਇਸੇ ਦੌਰਾਨ ਜਗਜੀਤ ਸਿੰਘ ਉਰਫ਼ ਜੱਗਾ ਪਟਵਾਰੀ ਅਤੇ ਜਸਪਾਲ ਬੇਦੀ ਵਾਸੀ ਧਾਰੀਵਾਲ ਨੇ ਉਸ ਦੀ ਮਾਤਾ ’ਤੇ ਤਿੰਨ ਕਰੋੜ ਰੁਪਏ ਲੈ ਕੇ ਪਰਿਵਾਰ ਸਮੇਤ ਭੱਜਣ ਦੀਆਂ ਫੇਸਬੁੱਕ ’ਤੇ ਫਰਜ਼ੀ ਪੋਸਟਾਂ ਪਾ ਦਿੱਤੀਆਂ।
ਕੁਨਾਲ ਨੇ ਦੱਸਿਆ ਕਿ ਉਸ ਦਾ ਮਾਮਾ ਪ੍ਰਦੀਪ ਸ਼ਰਮਾ ਤੇ ਮਾਮੀ ਨੀਤੀ ਪਠਾਨੀਆਂ ਵਾਸੀ ਗੁਰਦਾਸਪੁਰ ਵੀ ਉਸ ਦੇ ਮਾਤਾ-ਪਿਤਾ ਕੋਲੋਂ ਪੈਸੇ ਲੈਣ ਲਈ ਪ੍ਰੇਸ਼ਾਨ ਕਰਨ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਕਿਸੇ ਦੇ ਹੱਥ ਸਲਫਾਸ ਦੀਆਂ ਗੋਲੀਆਂ ਉਸ ਦੀ ਮਾਤਾ ਨੂੰ ਭੇਜ ਕੇ ਫੋਨ ਰਾਹੀਂ ਧਮਕੀ ਦਿੱਤੀ ਕਿ ਜਾਂ ਤਾਂ ਪੈਸੇ ਵਾਪਸ ਕਰ ਦੇਣ ਜਾਂ ਸਲਫਾਸ ਦੀਆਂ ਗੋਲੀਆਂ ਖਾ ਕੇ ਪਰਿਵਾਰ ਸਮੇਤ ਮਰ ਜਾਣ। ਕੁਨਾਲ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦੀ ਮਾਸੀ ਸੀਮਾ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਮਾਤਾ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਸਲਫਾਸ ਦੀਆਂ ਗੋਲੀਆਂ ਖਾਣ ਦੀ ਵੀਡੀਓ ਵਾਇਰਲ ਕੀਤੀ ਹੈ। ਇਸ ’ਤੇ ਉਹ ਉੱਪਰਲੇ ਕਮਰੇ ਵਿੱਚ ਗਿਆ ਤਾਂ ਉਸ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਹਨ। ਇਹ ਗੱਲ ਫੋਨ ਵਿੱਚ ਰਿਕਾਰਡ ਵੀ ਕੀਤੀ ਹੈ। ਥਾਣਾ ਧਾਰੀਵਾਲ ਵਿੱਚ ਪੁੱਜੇ ਐੱਸ.ਪੀ.(ਡੀ) ਗੁਰਦਾਸਪੁਰ ਹਰਵਿੰਦਰ ਸਿੰਘ ਸੰਧੂ, ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਪ੍ਰਦੀਪ ਸ਼ਰਮਾ, ਨੀਤੀ ਪਠਾਨੀਆਂ, ਗੀਤਾਂਜਲੀ, ਅਮਰਦੀਪ ਮਹਾਜਨ, ਅਮਿਤ ਸੁਨਿਆਰਾ, ਦਰਸ਼ਨਾ ਬੱਬਰ, ਨਰਿੰਦਰ ਵਿੱਜ, ਅਮਿਤ ਧੁੰਨਾ, ਜਗਜੀਤ ਸਿੰਘ, ਜਸਪਾਲ ਬੇਦੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।