ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 21 ਜੂਨ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਸੀਨੀਅਰ ਆਈਏਐੱਸ ਅਧਿਕਾਰੀ ਸੰਜੈ ਪੋਪਲੀ ਅਤੇ ਉਸ ਦੇ ਸਹਾਇਕ ਸਕੱਤਰ ਕਮ ਸੁਪਰਡੈਂਟ ਸੰਦੀਪ ਵਤਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਵਿਜੀਲੈਂਸ ਅਨੁਸਾਰ ਸੰਜੈ ਪੋਪਲੀ ਅਤੇ ਸੁਪਰਡੈਂਟ ਸੰਦੀਪ ਵਤਸ ’ਤੇ ਸਰਕਾਰੀ ਠੇਕੇਦਾਰ ਕੋਲੋਂ ਸਾਢੇ 3 ਲੱਖ ਰੁਪਏ ਰਿਸ਼ਵਤ ਲੈਣ ਅਤੇ ਹੋਰ ਪੈਸੇ ਮੰਗਣ ਦਾ ਦੋਸ਼ ਹੈ। ਚੰਨੀ ਵਜ਼ਾਰਤ ਸਮੇਂ ਸੰਜੈ ਪੋਪਲੀ ਪੰਜਾਬ ਸੀਵਰੇਜ ਬੋਰਡ ਦੇ ਸੀਈਓ ਸਨ। ਸ਼ਿਕਾਇਤਕਰਤਾ ਅਨੁਸਾਰ ਇਸੇ ਸਾਲ 12 ਜਨਵਰੀ ਨੂੰ ਆਈਏਐਸ ਅਧਿਕਾਰੀ ਦੇ ਸਹਾਇਕ ਸਕੱਤਰ ਨੇ ਵਟਸਅੱਪ ਉੱਤੇ ਫੋਨ ਕਰਕੇ ਨਵਾਂ ਸ਼ਹਿਰ ਵਿਚ 7.30 ਕਰੋੜ ਦੇ ਸੀਵਰੇਜ ਪ੍ਰਾਜੈਕਟ ਲਈ ਟੈਂਡਰ ਅਲਾਟ ਕਰਨ ਲਈ 7 ਲੱਖ ਰੁਪਏ ਮੰਗੇ ਸੀ। ਠੇਕੇਦਾਰ ਨੇ ਬੈਂਕ ਵਿਚੋਂ ਸਾਢੇ ਤਿੰਨ ਲੱਖ ਰੁਪਏ ਕਢਵਾ ਕੇ ਸਹਾਇਕ ਸਕੱਤਰ ਨੂੰ ਦਿੱਤੇ। ਸੰਦੀਪ ਨੇ ਸੰਜੈ ਪੋਪਲੀ ਨੂੰ ਕਾਲ ਕਰ ਕੇ ਪੈਸੇ ਮਿਲਣ ਬਾਰੇ ਦੱਸਿਆ। ਇਸ ਤੋਂ ਬਾਅਦ ਸਹਾਇਕ ਸਕੱਤਰ ਨੇ ਬਾਕੀ ਦੇ ਸਾਢੇ 3 ਲੱਖ ਰੁਪਏ ਦੇਣ ਲਈ ਦਬਾਅ ਪਾਇਆ। ਠੇਕੇਦਾਰ ਨੇ ਇਸ ਲੈਣ ਦੇਣ ਦੀ ਵੀਡੀਓ ਬਣਾਈ ਸੀ ਜੋ ਸ਼ਿਕਾਇਤ ਨਾਲ ਲਾਈ ਗਈ।
ਪੋਪਲੀ ਖਿਲਾਫ਼ ਇਕ ਹੋਰ ਕੇਸ ਦਰਜ
ਵਿਜੀਲੈਂਸ ਦੀ ਟੀਮ ਨੇ ਦੇਰ ਰਾਤ ਪੋਪਲੀ ਦੀ ਸੈਕਟਰ 11 ਸਥਿਤ ਸਰਕਾਰੀ ਰਿਹਾਇਸ਼ ’ਤੇ ਛਾਪਾ ਮਾਰਿਆ। ਇਸ ਦੌਰਾਨ ਟੀਮ ਨੂੰ ਨਾਜਾਇਜ਼ ਕਾਰਤੂਸ ਬਰਾਮਦ ਹੋਏ ਜਿਸ ਬਾਰੇ ਉਨ੍ਹਾਂ ਥਾਣਾ 11 ਨੂੰ ਸੂਚਨਾ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।