ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਜੁਲਾਈ
ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਅੱਜ ਸੂਬੇ ਦਾ ਪਲੇਠਾ ਪਲਾਜ਼ਮਾ ਬੈਂਕ ਸਥਾਪਤ ਕੀਤਾ ਗਿਆ ਹੈ। ਇਸ ਦਾ ਉਦਘਾਟਨ ਸੰਸਦ ਮੈਂਬਰ ਪਰਨੀਤ ਕੌਰ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਬੈਂਕ ਦੀ ਸਥਾਪਨਾ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਜਾਂ ਘੱਟ ਕਰਨ ਦੀਆਂ ਕੋਸ਼ਿਸ਼ਾਂ ਦਾ ਹੀ ਹਿੱਸਾ ਹੈ। ਉਨ੍ਹਾਂ ਨੇ ਕੋਵਿਡ-19 ਦੀ ਜੰਗ ਜਿੱਤ ਚੁੱਕੇ ਮਰੀਜ਼ਾਂ ਨੂੰ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ, ਤਾਂ ਜੋ ਹੋਰ ਪਾਜ਼ੇਟਿਵ ਮਰੀਜ਼ ਵੀ ਇਹ ਜੰਗ ਜਿੱਤ ਸਕਣ।
ਇਸ ਦੌਰਾਨ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ 600 ਬਿਸਤਰਿਆਂ ਵਾਲਾ ਇਕਾਂਤਵਾਸ ਕੇਂਦਰ ਅਤੇ ਗੰਭੀਰ ਮਰੀਜ਼ਾਂ ਲਈ 54 ਵੈਂਟੀਲੇਟਰਾਂ ਦੀ ਸਹੂਲਤ ਹੈ। ਗੌਰਮਿੰਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋ ਪਲਾਜ਼ਮਾ ਮਸ਼ੀਨਾਂ ਨਾਲ ਲੈਸ ਪਲਾਜ਼ਮਾਂ ਬੈਂਕ ਵਿੱਚ ਛੇਤੀ ਹੀ ਤੀਜੀ ਮਸ਼ੀਨ ਵੀ ਲਿਆਂਦੀ ਜਾਵੇਗੀ। ਐਂਟੀਬਾਡੀ ਟੈਸਟਿੰਗ ਲਈ ਕਿੱਟਾਂ ਦੀ ਵੀ ਕੋਈ ਘਾਟ ਨਹੀਂ। ਇਸ ਮੌਕੇ ਡਾ. ਰਮੇਸ਼ ਕੁਮਾਰ ਕੁੰਡਲ, ਡਾ. ਕੰਵਲਜੀਤ ਕੌਰ, ਡਾ. ਅਵਨੀਸ਼ ਕੁਮਾਰ, ਡਾ. ਪਾਰਸ ਪਾਂਡਵ, ਡਾ. ਆਰ.ਪੀ.ਐੱਸ. ਸਬਿੀਆ ਤੇ ਨੋਡਲ ਅਫ਼ਸਰ ਡਾ. ਰਜਨੀ ਬਸੀ ਤੇ ਮੇਅਰ ਸੰਜੀਵ ਬਿੱਟੂ ਮੌਜੂਦ ਸਨ।
ਹੁਸ਼ਿਆਰਪੁਰ ’ਚ 80 ਤੇ ਜਲੰਧਰ ’ਚ 36 ਹੋਰ ਪਾਜ਼ੇਟਿਵ ਆਏ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਅੱਜ ਪ੍ਰਾਪਤ ਹੋਈ 622 ਕਰੋਨਾ ਨਮੂਨਿਆਂ ਦੀ ਰਿਪੋਰਟ ’ਚ 80 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿੱਚ 67 ਸੀਮਾ ਸੁਰੱਖਿਆ ਬਲ ਖੜਕਾਂ ਦੇ ਜਵਾਨ ਹਨ ਅਤੇ 13 ਮਰੀਜ਼ ਗੜ੍ਹਸ਼ੰਕਰ ਨਾਲ ਸਬੰਧਤ ਹਨ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕਰੋਨਾਵਾਇਰਸ ਦੀਆਂ ਅੱਜ ਆਈਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿੱਚ 36 ਹੋਰ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਸਿਹਤ ਵਿਭਾਗ ਦੇ ਨੋਡਲ ਅਫ਼ਸਰ ਡਾ. ਟੀਪੀ ਸਿੰਘ ਨੇ ਕਿਹਾ ਕਿ ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 1726 ਤੋਂ ਟੱਪ ਗਈ ਹੈ। ਇਸੇ ਤਰ੍ਹਾਂ ਅੱਜ ਇੱਥੇ ਇੱਕ ਕਰੋਨਾ ਪੀੜਤ ਦੀ ਮੌਤ ਹੋ ਗਈ।
ਅੰਮ੍ਰਿਤਸਰ ’ਚ 34 ਤੇ ਲੁਧਿਆਣਾ ਵਿੱਚ 28 ਮਰੀਜ਼ਾਂ ਦੀ ਪੁਸ਼ਟੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 34 ਨਵੇਂ ਕੇਸ ਆਉਣ ਮਗਰੋਂ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ 1,334 ਹੋ ਗਈ ਹੈ। ਅੱਜ ਆਏ ਨਵੇਂ ਕੇਸਾਂ ’ਚੋਂ 16 ਬੀਐੱਸਐੱਫ ਦੀ 88 ਬਟਾਲੀਅਨ ਨਾਲ ਸਬੰਧਤ ਹਨ। ਇਸੇ ਦੌਰਾਨ ਪਿਛਲੇ ਦਿਨੀਂ ਕਰੋਨਾ ਪੀੜਤਾਂ ਦੀ ਲਾਸ਼ ਬਦਲਣ ਦੇ ਮਾਮਲੇ ਵਿਚ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਮੈਜਿਸਟਰੇਟੀ ਜਾਂਚ ਦੇ ਦਿੱਤੇ ਗਏ ਆਦੇਸ਼ ਮੁਤਾਬਕ ਅੱਜ ਐੱਸਡੀਐੱਮ ਸ਼ਿਵਰਾਜ ਸਿੰਘ ਬੱਲ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਮੁਰਦਾਘਰ ਵੀ ਗਏ।
ਲੁਧਿਆਣਾ (ਟਨਸ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 28 ਨਵੇਂ ਕੇਸਾਂ ਅਤੇ ਇੱਕ ਮੌਤ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 1946 ਹੋ ਗਈ ਹੈ, ਜਿਨ੍ਹਾਂ ’ਚੋਂ 585 ਐਕਟਿਵ ਹਨ।