ਪੱਤਰ ਪ੍ਰੇਰਕ
ਅਮਲੋਹ, 3 ਜੂਨ
ਇੱਥੇ ਰਾਮ ਬਾਗ਼ ਮੰਦਰ ਨੇੜੇ ਅੱਜ ਸ਼ਾਮ ਲਗਪਗ ਪੰਜ ਵਜੇ ਮੱਕੀ ਦੀ ਫ਼ਸਲ ਦਾ ਆਚਾਰ ਬਣਾਉਣ ਵਾਲੀ ਮਸ਼ੀਨ ਅਚਾਨਕ ਅੱਗ ਲੱਗਣ ਕਾਰਨ ਸੜ ਗਈ, ਜਦੋਂਕਿ ਮਸ਼ੀਨ ਚਾਲਕ ਲਖਵੀਰ ਸਿੰਘ ਨੇ ਮੌਕੇ ’ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਾਣਕਾਰੀ ਅਨੁਸਾਰ, ਢਾਈ ਕਰੋੜ ਤੋਂ ਵੱਧ ਦੀ ਲਾਗਤ ਵਾਲੀ ਇਹ ਮਸ਼ੀਨ ਸਾਧੂਗੜ੍ਹ ਤੋਂ ਮੱਕੀ ਵੱਢਣ ਲਈ ਲਿਆਂਦੀ ਗਈ ਸੀ। ਕਿਸਾਨ ਜਸਵਿੰਦਰ ਸਿੰਘ ਵਾਸੀ ਮਛਰਾਏ ਖ਼ੁਰਦ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਦਾ ਆਚਾਰ ਬਣਾਉਂਦਿਆਂ ਮਸ਼ੀਨ ਨੂੰ ਅਚਾਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਨੂੰ ਬੁਝਾਉਣ ਲਈ ਮੰਡੀ ਗੋਬਿੰਦਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੰਗਵਾਈਆਂ ਗਈਆਂ ਪਰ ਉਦੋਂ ਤੱਕ ਮਸ਼ੀਨ ਪੂਰੀ ਤਰ੍ਹਾਂ ਸੜ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਅਮਲੋਹ ਦੀ ਪੁਲੀਸ ਨੂੰ ਦੇ ਦਿੱਤੀ ਗਈ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।