ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਜੁਲਾਈ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਨਿਰਮਾਣ ਕਾਰਜ ਜਲਦੀ ਪੂਰਾ ਕਰਨ ਦੇ ਦਾਅਵੇ ਹਕੀਕਤ ਨਾਲ ਮੇਲ ਨਹੀਂ ਖਾਂਦੇ। ਨਿਰਮਾਣ ਅਧੀਨ ਹਵਾਈ ਅੱਡੇ ਦੇ ਅੰਤਿਮ ਪੜਾਅ ’ਤੇ ਕਾਰਜ ਠੱਪ ਪਿਆ ਹੈ ਅਤੇ ਹੁਣ ਹਵਾਈ ਅੱਡਾ ਪਸ਼ੂਆਂ ਦੀ ਚਰਾਂਦ ਜਾਪਦਾ ਹੈ। ਸੂਬਾ ਸਰਕਾਰ ਵੱਲੋਂ ਫੰਡ ਜਾਰੀ ਨਾ ਹੋਣ ਕਾਰਨ ਦੋਵੇਂ ਨਿਰਮਾਣ ਕੰਪਨੀਆਂ ਆਪਣਾ ਸਾਮਾਨ ਸਮੇਟ ਕੇ ਇੱਥੋਂ ਚਲੀਆਂ ਗਈਆਂ ਹਨ। 162 ਏਕੜ ਜ਼ਮੀਨ ’ਤੇ ਬਣ ਰਹੇ ਹਵਾਈ ਅੱਡੇ ਦੀ ਚਾਰਦੀਵਾਰੀ ਵਿੱਚ ਅੰਦਰੂਨੀ ਸੜਕਾਂ, ਟੈਕਸੀ ਸਟੈਂਡ, ਜਲ-ਸਪਲਾਈ ਸਬ-ਸਟੇਸ਼ਨ ਤੋਂ ਇਲਾਵਾ ਟਰਮੀਨਲ ਵਾਲੀ ਥਾਂ ਨੂੰ ਸਮਤਲ ਕਰਨ ਸਮੇਤ ਫਾਊਂਡੇਸ਼ਨ ਤੱਕ ਤਿਆਰ ਹੋ ਚੁੱਕਾ ਹੈ ਪਰ ਆਖ਼ਰੀ ਪੜਾਅ ਦੇ ਟੈਂਡਰ ਲਈ ਪਾਸ ਹੋਏ 47 ਕਰੋੜ ਰੁਪਏ ਦੀ ਰਕਮ ਛੇ ਮਹੀਨੇ ਬਾਅਦ ਵੀ ਜਾਰੀ ਨਾ ਹੋਣ ਕਾਰਨ ਕੰਮ ਮੁਕੰਮਲ ਤੌਰ ’ਤੇ ਨਿਰਮਾਣ ਕਾਰਜ ਠੱਪ ਹੋ ਗਿਆ ਹੈ।
ਹਵਾਈ ਅੱਡੇ ਦੀਆਂ ਅੰਦਰੂਨੀ ਸੜਕਾਂ, ਕਰੀਬ 200 ਮੀਟਰ ਹਵਾਈ ਪੱਟੀ, ਏਪ੍ਰਨ, ਟੈਕਸੀ ਸਟੈਂਡ, ਪਾਰਕਿੰਗ, ਜਲ ਸਪਲਾਈ ਅਤੇ ਸੀਵਰੇਜ ਪਾਉਣ ਦਾ ਠੇਕਾ ਲੁਧਿਆਣਾ ਦੀ ਸੀਗਲ ਇੰਡੀਆ ਕੰਪਨੀ ਨੂੰ 21 ਕਰੋੜ ਰੁਪਏ ਵਿੱਚ ਦਿੱਤਾ ਗਿਆ ਹੈ। ਉੱਥੇ ਹੀ ਟਰਮੀਨਲ ਡਿਜ਼ਾਈਨ, ਟਰਮੀਨਲ ਫਾਊਂਡੇਸ਼ਨ ਅਤੇ ਵਾਟਰ ਟੈਂਕ ਸਬ-ਸਟੇਸ਼ਨ ਦਾ ਠੇਕਾ ਹਿਮਾਚਲ ਪ੍ਰਦੇਸ਼ ਦੀ ਸਿਨਰਜੀ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ 26 ਕਰੋੜ ਰੁਪਏ ਵਿੱਚ ਦਿੱਤਾ ਗਿਆ ਹੈ। ਹਵਾਈ ਅੱਡਾ ਅਥਾਰਿਟੀ ਅਤੇ ਸੂਬਾ ਸਰਕਾਰ ਦੇ ਇਸ ਸਾਂਝੇ ਪ੍ਰਾਜੈਕਟ ’ਤੇ 100 ਕਰੋੜ ਰੁਪਏ ਤੋਂ ਵਧੇਰੇ ਖ਼ਰਚ ਆਉਣ ਦਾ ਅਨੁਮਾਨ ਹੈ। ਸੂਬਾ ਸਰਕਾਰ ਆਪਣੇ ਹਿੱਸੇ ਦਾ 50 ਕਰੋੜ ਰੁਪਏ ਤੋਂ ਵਧੇਰੇ ਖ਼ਰਚ ਵੀ ਕਰ ਚੁੱਕੀ ਹੈ ਪਰ ਕੇਂਦਰ ਵੱਲੋਂ ਆਪਣੇ ਹਿੱਸੇ ਦਾ ਖ਼ਰਚ ਕਰਨ ਤੋਂ ਹੱਥ ਖਿੱਚ ਲੈਣ ਕਾਰਨ ਸਾਰਾ ਖ਼ਰਚਾ ਸੂਬਾ ਸਰਕਾਰ ਦੇ ਗਲ ਪੈ ਗਿਆ ਹੈ। ਸਿਨਰਜੀ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪ੍ਰਾਜੈਕਟ ਇੰਜਨੀਅਰ ਚਰਨਜੀਤ ਸਿੰਘ ਨੇ ਦੱਸਿਆ ਕਿ ਕੰਪਨੀ ਨੂੰ ਸਰਕਾਰ ਵੱਲੋਂ 26 ਕਰੋੜ ਰੁਪਏ ’ਚੋਂ ਧੇਲਾ ਵੀ ਨਹੀਂ ਮਿਲਿਆ, ਜਿਸ ਕਰਕੇ ਕੰਪਨੀ ਨੇ ਛੇ ਅਪਰੈਲ ਨੂੰ ਕੰਮ ਬੰਦ ਕਰ ਕੇ ਸਟਾਫ਼ ਅਤੇ ਮਸ਼ੀਨਰੀ ਵਾਪਸ ਮੰਗਵਾ ਲਈ ਸੀ। ਉੱਧਰ ਸੀਗਲ ਇੰਡੀਆ ਲਿਮਟਿਡ ਕੰਪਨੀ ਦੇ ਮੈਨੇਜਰ ਅਸ਼ੋਕ ਪਾਂਡੇ ਅਨੁਸਾਰ ਕੰਪਨੀ ਨੇ ਕਰੋੜਾਂ ਰੁਪਏ ਖ਼ਰਚ ਕਰ ਕੇ ਮਿਕਸਿੰਗ ਪਲਾਂਟ ਲਾਇਆ ਹੈ ਤੇ ਪੱਥਰ, ਬਜਰੀ, ਸੀਮੇਂਟ ਸਮੇਤ ਸਾਰੇ ਸਾਮਾਨ ਦੇ ਢੇਰ ਲੱਗੇ ਹੋਏ ਹਨ।
ਵਾਰ-ਵਾਰ ਯਾਦ ਪੱਤਰ ਭੇਜਣ ’ਤੇ ਵੀ ਰਕਮ ਜਾਰੀ ਨਹੀਂ ਹੋਈ: ਐਕਸੀਅਨ
ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜਨੀਅਰ ਰਾਕੇਸ਼ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਬਦਲੀ ਮੁੱਖ ਦਫ਼ਤਰ ਪਟਿਆਲਾ ਹੋ ਗਈ ਹੈ। ਐਕਸੀਅਨ ਪ੍ਰਦੀਪ ਕੁਮਾਰ ਅਨੁਸਾਰ ਸਾਰੇ ਬਿੱਲ ਆਦਿ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਯਾਦ ਪੱਤਰ ਭੇਜਣ ’ਤੇ ਵੀ ਰਕਮ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕੰਮ ਠੱਪ ਹੋਣ ਦੀ ਪੁਸ਼ਟੀ ਵੀ ਕੀਤੀ ਹੈ।