ਸ਼ਗਨ ਕਟਾਰੀਆ
ਬਠਿੰਡਾ, 29 ਜਨਵਰੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਪੰਜਾਬ ’ਚ ਬਹੁਤੀਆਂ ਥਾਵਾਂ ’ਤੇ ਇਸ ਵਾਰ ਚਹੁੰ-ਕੋਨੇ ਮੁਕਾਬਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨੇ ਜ਼ਿਆਦਾ ਕੋਨੇ ਬਣਨਗੇ, ਕਾਂਗਰਸ ਓਨੀ ਮਜ਼ਬੂਤੀ ਨਾਲ ਤੇ ਨਿੱਖਰ ਕੇ ਸਾਹਮਣੇ ਆਵੇਗੀ। ਉਨ੍ਹਾਂ ਤਰਕ ਦਿੱਤਾ ਕਿ ਕਾਂਗਰਸ ਦੀ ਵਿਰੋਧੀ ਵੋਟ ਤਿੰਨ ਥਾਈਂ ਵੰਡੀ ਗਈ ਹੈ। ਮੁੱਖ ਮੰਤਰੀ ਦੇ ਚਿਹਰੇ ਬਾਰੇ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਪਾਰਟੀ ਹਾਈ ਕਮਾਂਡ ਕਰੇਗੀ। ਬਠਿੰਡਾ (ਸ਼ਹਿਰੀ) ਹਲਕੇ ਤੋਂ ਕਾਂਗਰਸ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਮਗਰੋਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਭ ਤੋਂ ਪਹਿਲਾਂ ’ਤੇ ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਨੂੰ ਇਹ ਕਹਿ ਕੇ ਨਮਨ ਕੀਤਾ ਕਿ ਉਨ੍ਹਾਂ ਦੀ ਬਦੌਲਤ ਹਿੰਦੁਸਤਾਨੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਤੇ ਜਮਹੂਰੀਅਤ ’ਚ ਵਿਚਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਬਠਿੰਡਾ ’ਚ ਪਿਛਲੀ ਵਾਰ ਅਤੇ ਹੁਣ ਵੀ ਉਹ ਚੋਣ ਜਿੱਤਣ ਨਹੀਂ ਸਗੋਂ ਲੋਕਾਂ ਦਾ ਦਿਲ ਜਿੱਤਣ ਆਏ ਹਨ। ਉਨ੍ਹਾਂ ਕਿਹਾ ਕਿ ਪੰਜ ਸਾਲ ਬਠਿੰਡਾ ਦੇ ਲੋਕਾਂ ਦਾ ਪਿਆਰ ਉਨ੍ਹਾਂ ਨਾਲ ਰਿਹਾ ਤੇ ਉਨ੍ਹਾਂ ਸ਼ਹਿਰ ਤੇ ਇੱਥੋਂ ਦੇ ਲੋਕਾਂ ਲਈ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਵਿਰੋਧੀਆਂ ਨੂੰ ਅਸਿੱਧੇ ਢੰਗ ਨਾਲ ਨਿਸ਼ਾਨੇ ’ਤੇ ਲੈਂਦਿਆਂ ਆਖਿਆ ਕਿ ਬਠਿੰਡਾ (ਸ਼ਹਿਰੀ) ਕਾਂਗਰਸ ਦੀ ਰਵਾਇਤੀ ਸੀਟ ਹੈ ਤੇ ਉਂਜ ਵੀ ਵੋਟਰ ਉਮੀਦਵਾਰ ਦਾ ਇਖ਼ਲਾਕ ਤੇ ਕਿਰਦਾਰ ਵੇਖਦੇ ਹਨ। ਉਨ੍ਹਾਂ ਕ੍ਰਮਵਾਰ ਬਠਿੰਡਾ (ਸ਼ਹਿਰੀ) ਤੇ (ਦਿਹਾਤੀ) ਤੋਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ‘ਆਪ’ ’ਚ ਸ਼ਾਮਲ ਹੋਏ ਵਿਅਕਤੀਆਂ ਨੂੰ ਟਿਕਟਾਂ ਦਿੱਤੇ ਜਾਣ ਦੀ ਆਲੋਚਨਾ ਕੀਤੀ।