ਸ਼ਗਨ ਕਟਾਰੀਆ
ਬਠਿੰਡਾ, 7 ਫਰਵਰੀ
ਚੋਣਾਂ ਦਾ ਦਿਨ ਨੇੜੇ ਆਉਂਦਾ ਦੇਖ ਬਠਿੰਡਾ (ਸ਼ਹਿਰੀ) ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੀ ਚੋਣ ਮੁਹਿੰਮ ਲਗਾਤਾਰ ਭਖਾਈ ਜਾ ਰਹੀ ਹੈ। ਸ੍ਰੀ ਬਾਦਲ ਨੇ ਅੱਜ ਸ਼ਹਿਰ ਦੇ ਅਜੀਤ ਰੋਡ, ਬਾਬਾ ਫ਼ਰੀਦ ਨਗਰ, ਕਰਤਾਰ ਬਸਤੀ, ਮਾਡਲ ਟਾਊਨ ਫੇਜ਼-2, ਭਾਈ ਕਾ ਮੁਹੱਲਾ, ਕਿਲਾ ਰੋਡ ਅਤੇ ਨਵੀਂ ਬਸਤੀ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪੰਜਾਬ ’ਚ ਦੂਜੀ ਵਾਰ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ।
ਸ੍ਰੀ ਬਾਦਲ ਨੇ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਵਜੋਂ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਐਲਾਨ, ਕਾਂਗਰਸ ਦੀ ਹਰ ਵਰਗ ਦੀ ਤਰੱਕੀ ਵਾਲੀ ਸੋਚ ਦਾ ਫ਼ੈਸਲਾ ਹੈ। ਉਨ੍ਹਾਂ ਸ੍ਰੀ ਚੰਨੀ ਨੂੰ ਲੋਕ ਪੱਖੀ ਆਗੂ ਕਰਾਰ ਦਿੰਦਿਆਂ ਕਿਹਾ ਕਿ ਉਹ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਸੀਮਤ ਸਮੇਂ ’ਚ ਪੰਜਾਬ ਨੂੰ ਤਰੱਕੀ ਦੇ ਰਸਤੇ ’ਤੇ ਅੱਗੇ ਵਧਾਉਣ ਲਈ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਫ਼ੈਸਲੇ ਲਏ। ਉਨ੍ਹਾਂ ਮੁੱਖ ਮੰਤਰੀ ਵਜੋਂ ਸ੍ਰੀ ਚੰਨੀ ਦਾ ਚਿਹਰਾ ਐਲਾਨਣ ’ਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਸ੍ਰੀ ਚੰਨੀ ਨਾਲ ਕਾਂਗਰਸ ਨੂੰ ਫਾਇਦਾ ਮਿਲੇਗਾ ਅਤੇ ਕਾਂਗਰਸ ਦੀ ਦੂਜੀ ਵਾਰ ਸਰਕਾਰ ਬਣੇਗੀ। ਇੱਥੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਵਿਕਾਸ ਰੱਥ ਨੂੰ ਹੋਰ ਰਫ਼ਤਾਰ ਦੇਣ ਲਈ ਪੰਜਾਬ ਵਾਸੀ ਅਤੇ ਬਠਿੰਡਾ ਵਾਸੀ ਸੂਬੇ ’ਚ ਦੂਜੀ ਵਾਰ ਕਾਂਗਰਸ ਦੀ ਸਰਕਾਰ ਬਣਾਉਣਗੇ ਕਿਉਂਕਿ ਕਾਂਗਰਸ ਨੇ ਪੰਜ ਸਾਲਾ ਵਿੱਚ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਅਤੇ ਹਰ ਵਰਗ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਹਨ।