ਆਤਿਸ਼ ਗੁਪਤਾ
ਚੰਡੀਗੜ੍ਹ, 21 ਮਾਰਚ
ਸ਼ਹਿਰ ਦੇ ਡੱਡੂਮਾਜਰਾ ਦੀ ਸਰਕਾਰੀ ਡਿਸਪੈਂਸਰੀ ਵਿੱਚ ਲਗਾਏ ਹੈਲਪ ਡੈਸਕ ਦਾ ਉਦਘਾਟਨ ਕਰਨ ਆਏ ਭਾਜਪਾ ਦੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਦਾ ਕਾਂਗਰਸੀ ਆਗੂਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਡਿਸਪੈਂਸਰੀ ਤੋਂ ਦੂਰ ਰੱਖਿਆ। ਡੱਡੂਮਾਜਰਾ ਡਿਸਪੈਂਸਰੀ ਦੇ ਬਾਹਰ ਬੀਤੀ ਰਾਤ ਭਾਰਤੀ ਜਨਤਾ ਪਾਰਟੀ ਦੇ ਝੰਡੇ ਲਗਾਉਣ ਦਾ ਵਿਰੋਧ ਕਰਦਿਆਂ ਕਾਂਗਰਸ ਨੇ ਕੇਂਦਰੀ ਮੰਤਰੀ ਦੀ ਆਮਦ ’ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਦੇਰ ਰਾਤ ਭਾਜਪਾ ਆਗੂਆਂ ਨੇ ਝੰਡੇ ਉਤਾਰ ਲਏ।
ਅੱਜ ਸਵੇਰੇ 10 ਵਜੇ ਦੇ ਕਰੀਬ ਕੇਂਦਰੀ ਮੰਤਰੀ ਦੀ ਆਮਦ ’ਤੇ ਕਾਂਗਰਸੀਆਂ ਨੇ ਨਾਅਰੇਬਾਜ਼ੀ ਕੀਤੀ। ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਕੇਂਦਰੀ ਮੰਤਰੀ ਤੋਂ ਦੂਰ ਰੱਖਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪਹਿਲਾਂ ਪੁਲੀਸ ਨੇ ਡੱਡੂਮਾਜਰਾ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਇਸ ਦੇ ਬਾਵਜੂਦ ਕਾਂਗਰਸੀ ਆਗੂ ਪ੍ਰਦਰਸ਼ਨ ਕਰਨ ਲਈ ਇਕੱਠੇ ਹੋ ਗਏ, ਜਿਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਆਗੂਆਂ ਵਿੱਚ ਮਮਤਾ ਰਾਣਾ, ਜੋਤੀ ਹੰਸ, ਕਿਰਨ ਬਾਲਾ, ਬਬੀਤਾ, ਮੀਨੂੰ, ਸਤੀਸ਼, ਲਲਿਤ ਬਿਡਲਾ, ਅਸ਼ਵਨੀ, ਰਾਧਾ ਰਾਣੀ, ਚੰਚਲ ਮਾਹੀ, ਮਦਨ ਮੱਦੀ, ਪੂਜਾ, ਸਵਿਤਾ ਅਤੇ ਕਮਲੇਸ਼ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀਆਂ ਨੂੰ ਸ਼ਾਮ ਵੇਲੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਅਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਪੁਲੀਸ ਥਾਣੇ ਤੋਂ ਛੁਡਵਾਇਆ। ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਹਰਮੇਲ ਕੇਸਰੀ ਨੇ ਕਿਹਾ ਕਿ ਕਾਂਗਰਸੀ ਆਗੂ ਸ਼ਾਂਤਮਈ ਢੰਗ ਨਾਲ ਡੱਡੂਮਾਜਰਾ ਡੰਪਿੰਗ ਗਰਾਊਂਡ ਦੀ ਸਮੱਸਿਆ ਬਾਰੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਉਣਾ ਚਾਹੁੰਦੇ ਸਨ ਪਰ ਪੁਲੀਸ ਨੇ ਭਾਜਪਾ ਦੇ ਦਬਾਅ ਹੇਠ ਕਾਂਗਰਸੀ ਆਗੂਆਂ ਨੂੰ ਕੇਂਦਰੀ ਮੰਤਰੀ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ। ਉਨ੍ਹਾਂ ਕਿਹਾ ਕਿ ਆਪਣੀ ਮੰਗ ਲਈ ਕੇਂਦਰੀ ਮੰਤਰੀ ਨੂੰ ਮਿਲਣ ਤੋਂ ਰੋਕ ਕੇ ਭਾਜਪਾ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ।
ਭਾਰਤ ਨੇ 76 ਮੁਲਕਾਂ ਨੂੰ ਛੇ ਕਰੋੜ ਵੈਕਸੀਨ ਡੋਜ਼ ਭੇਜੀ: ਵਰਧਨ
ਚੰਡੀਗੜ੍ਹ (ਪੀਟੀਆਈ): ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਛੇ ਕਰੋੜ ਤੋਂ ਵੱਧ ਵੈਕਸੀਨ ਡੋਜ਼ ਭਾਰਤ ਤੋਂ 76 ਮੁਲਕਾਂ ਨੂੰ ਭੇਜੀ ਗਈ ਹੈ। ਇਸ ਦੇ ਨਾਲ ਹੀ ਮੁਲਕ ਵਿਚ ਹੁਣ ਤੱਕ 4.5 ਕਰੋੜ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ। ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਵਰਧਨ ਨੇ ਟੀਕਾਕਰਨ ਨੂੰ ‘ਜਨ ਅੰਦੋਲਨ’ ਬਣਾਉਣ ਦਾ ਸੱਦਾ ਦਿੱਤਾ। ਸਿਹਤ ਮੰਤਰੀ ਨੇ ਮਾਈਕ੍ਰੋਬਾਇਲ ਤਕਨੀਕੀ ਸੰਸਥਾ ਵਿਚ ਇਕ ਕੇਂਦਰ ਦਾ ਉਦਘਾਟਨ ਕੀਤਾ। ‘ਆਈਐਮਟੈੱਕ’ ਕੇਂਦਰ ਦੇ ਡਾਇਰੈਕਟਰ ਸੰਜੀਵ ਖੋਸਲਾ ਨੇ ਮੰਤਰੀ ਨੂੰ ਸੰਸਥਾ ਵਿਚ ਹੁੰਦੇ ਖੋਜ ਕਾਰਜਾਂ ਤੇ ਹੋਰ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਵਰਧਨ ਨੇ ਕਿਹਾ ਕਿ ਵਿਗਿਆਨ ਸਾਡੀਆਂ ਲੰਮੇ ਸਮੇਂ ਤੋਂ ਮੌਜੂਦ ਕਈ ਮੁਸ਼ਕਲਾਂ ਹੱਲ ਕਰ ਸਕਦਾ ਹੈ। ਵਿਗਿਆਨੀਆਂ ਨੇ ਮਹਾਮਾਰੀ ਦੌਰਾਨ ਕਾਫ਼ੀ ਤਜਰਬਾ ਹਾਸਲ ਕੀਤਾ ਹੈ ਤੇ ਅਗਾਂਹ ਵੀ ਉਨ੍ਹਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ।
ਹਰਸ਼ ਵਰਧਨ ਨੇ ਹੈਲਪ ਡੈਸਕ ਦਾ ਉਦਘਾਟਨ ਕੀਤਾ
ਡੱਡੂਮਾਜਰਾ ਸਰਕਾਰੀ ਡਿਸਪੈਂਸਰੀ ਵਿੱਚ ਕਰੋਨਾ ਰੋਕੂ ਟੀਕੇ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਜਪਾ ਵੱਲੋਂ ਲਗਾਏ ਗਏ ਹੈਲਪ ਡੈਸਕ ਦਾ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਉਦਘਾਟਨ ਕੀਤਾ। ਇਸ ਮੌਕੇ ਚੰਡੀਗੜ੍ਹ ਦੇ ਇੰਚਾਰਜ ਦੁਸ਼ਯੰਤ ਗੌਤਮ, ਕੌਮੀ ਸਕੱਤਰ ਨਰਿੰਦਰ ਰੈਣਾ, ਸੂਬਾ ਪ੍ਰਧਾਨ ਅਰੁਣ ਸੂਦ ਅਤੇ ਜਨਰਲ ਸਕੱਤਰ ਰਾਮਵੀਰ ਭੱਟੀ ਸਣੇ ਹੋਰ ਭਾਜਪਾ ਆਗੂ ਹਾਜ਼ਰ ਸਨ।