ਰਤਨ ਸਿੰਘ ਢਿੱਲੋਂ
ਅੰਬਾਲਾ, 6 ਫਰਵਰੀ
ਹਰਿਆਣਾ ਕਾਂਗਰਸ ਦੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਪੰਜਾਬ ਸਮੇਤ ਬਾਕੀ ਚੋਣ ਆਧਾਰਿਤ ਸੂਬਿਆਂ ਵਿਚ ਕਾਂਗਰਸ ਬਹੁਮਤ ਨਾਲ ਸੱਤਾ ਵਿਚ ਆਵੇਗੀ। ਉੱਤਰ ਪ੍ਰਦੇਸ਼ ਵਿਚ ਵੀ ਇਸ ਵਾਰ ਪਾਰਟੀ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ। ਜੁਮਲਿਆਂ ਕਰਕੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਬਾਕੀ ਸੂਬਿਆਂ ਵਿਚ ਭਾਜਪਾ ਦਾ ਸੱਤਾ ਤੋਂ ਬਾਹਰ ਹੋਣਾ ਤੈਅ ਹੈ।
ਕੁਮਾਰੀ ਸ਼ੈਲਜਾ ਅੱਜ ਛਾਉਣੀ ਸਥਿਤ ਆਪਣੀ ਰਿਹਾਇਸ਼ ਵਿਚ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਪੰਜਾਬ, ਯੂਪੀ ਸਮੇਤ ਹੋਰ ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਪਾਰਟੀ ਆਗੂਆਂ ਦੀਆਂ ਡਿਊਟੀਆਂ ਲਾਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਵਰਕਰਾਂ ਨੂੰ ਸੰਗਠਨ ਦੀ ਮਜ਼ਬੂਤੀ ਲਈ ਡਿਜੀਟਲ ਮੈਂਬਰਸ਼ਿਪ ਮੁਹਿੰਮ ਵਿਚ ਸ਼ਾਮਲ ਹੋਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਇਸ ਵਾਰ ਪਾਰਟੀ ਮੋਬਾਈਲ ਐਪ ’ਤੇ ਮੈਂਬਰਸ਼ਿਪ ਮੁਹਿੰਮ ਚਲਾਏਗੀ। ਅਹੁਦੇਦਾਰਾਂ ਨੂੰ ਨਵੇਂ ਮੈਂਬਰ ਦਾ ਰਿਕਾਰਡ ਐਪ ’ਤੇ ਲੋਡ ਕਰਨਾ ਹੋਵੇਗਾ। ਬਲਾਕ ਪੱਧਰ ’ਤੇ ਨਾਮਜ਼ਦਕਰਤਾ ਤਾਇਨਾਤ ਕੀਤੇ ਜਾਣਗੇ ਅਤੇ ਹਰ ਨਾਮਜ਼ਦਕਰਤਾ ਸੌ ਜਣਿਆਂ ਨੂੰ ਮੈਂਬਰਸ਼ਿਪ ਦਿਵਾਏਗਾ। ਉਨ੍ਹਾਂ ਨੇ ਹਰਿਆਣਾ ਵਿਚ ਨੌਜਵਾਨਾਂ ਨੂੰ ਨਿੱਜੀ ਖੇਤਰ ਦੀਆਂ ਨੌਕਰੀਆਂ ਵਿਚ 75 ਫ਼ੀਸਦੀ ਰਾਖਵਾਂਕਰਨ ਦੇਣ ’ਤੇ ਰੋਕ ਲੱਗਣ ਲਈ ਸਿੱਧੇ ਤੌਰ ’ਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਨੌਜਵਾਨਾਂ ਨੂੰ ਗੁਮਰਾਹ ਕਰ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਜਸਬੀਰ ਮਲੌਰ, ਮਹਿਲਾ ਕਾਂਗਰਸ ਦੀ ਸੂਬਾ ਤਰਜਮਾਨ ਵੇਣੂ ਅਗਰਵਾਲ, ਮਨੀਸ਼ ਰਾਣਾ, ਸੀਨੀਅਰ ਆਗੂ ਕੁਲਦੀਪ ਕੌਰ, ਬਲਜੀਤ ਸਿੰਘ ਰੰਗਾ ਤੇ ਹੋਰ ਵਰਕਰ ਮੌਜੂਦ ਸਨ।