ਦਲਬੀਰ ਸੱਖੋਵਾਲੀਆ
ਬਟਾਲਾ, 11 ਜਨਵਰੀ
‘ਆਪ’ ਨੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਕੁੱਲ ਸੱਤ ਸੀਟਾਂ ਤੋਂ ਕਾਂਗਰਸ ਪਾਰਟੀ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਫਾਡੀ ਹੈ। ‘ਆਪ’ ਨੇ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਛੇ ਤੇ ਇੱਕ ਉਮੀਦਵਾਰ ਬਸਪਾ ਵੱਲੋਂ ਐਲਾਨਿਆ ਗਿਆ ਹੈ। ਸਰਹੱਦੀ ਜ਼ਿਲ੍ਹੇ ਵਿੱਚ ਕਾਂਗਰਸ ਲਈ ਕੁਝ ਹਲਕਿਆਂ ਨੂੰ ਛੱਡ ਕੇ ਬਾਕੀਆਂ ਵਿੱਚ ਸਥਿਤੀ ਉਲਝਣ ਵਾਲੀ ਬਣੀ ਹੋਈ ਹੈ। ਰਾਖਵਾਂ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਹਫ਼ਤਾ ਭਰ ਭਾਜਪਾ ’ਚ ਰਹਿਣ ਮਗਰੋਂ ਫਿਰ ਪਾਰਟੀ ’ਚ ਪਰਤੇ ਹਨ। ਉਸ ਹਲਕੇ ਵਿੱਚ ਹੁਣ ਬਗ਼ਾਵਤੀ ਸੁਰਾਂ ਉੱਠਣ ਲੱਗੀਆਂ ਹਨ। ਹਲਕਾ ਬਟਾਲਾ ਵਿੱਚ ਲੰਘੇ ਦਿਨੀਂ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਹੱਕ ਵਿੱਚ ਚੋਣ ਜਲਸਾ ਕਰਨ ਤੇ ਟਿਕਟ ਐਲਾਨਣ ’ਤੇ ਸੇਖੜੀ ਵਿਰੋਧੀ ਖ਼ਫ਼ਾ ਹਨ। ਹਲਕੇ ਦੇ ਲੋਕ ਇੱਥੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਚੋਣ ਲੜਾਉਣ ਲਈ ਸਰਗਰਮ ਹਨ। ਹਲਕਾ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਹਿਜੰਗ ਬਾਜਵਾ ਦੇ ਭਾਜਪਾ ’ਚ ਜਾਣ ਤੋਂ ਪਹਿਲਾਂ ਉਸ ਦੇ ਵੱਡੇ ਭਰਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੀਆਂ ਚੋਣ ਸਰਗਰਮੀਆਂ ਵਿੱਢ ਦਿੱਤੀਆਂ ਹਨ। ਸਿਆਸੀ ਸੂਝ ਰੱਖਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਹਲਕੇ ਤੋਂ ਦੋਵੇਂ ਬਾਜਵਾ ਭਰਾਵਾਂ ਦਾ ਰਾਜਸੀ ਭੇੜ ਹੋ ਸਕਦਾ ਹੈ।
ਦੋਵਾਂ ਪਾਰਟੀਆਂ ਵੱਲੋਂ ਐਲਾਨੇ ਉਮੀਦਵਾਰ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ। ਇਸ ਵਾਰ ਅਕਾਲੀ ਦਲ ਨੇ ਹਲਕਾ ਗੁਰਦਾਸਪੁਰ ਨੂੰ ਛੱਡ ਕੇ ਬਾਕੀ ਛੇ ਹਲਕਿਆਂ ਤੋਂ ਨਵੇਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।