ਪੱਤਰ ਪ੍ਰੇਰਕ
ਫਗਵਾੜਾ, 14 ਫਰਵਰੀ
ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਅੱਜ ਇੱਥੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਹੀ ਪੰਜਾਬ ਲਈ ਚੰਗੇ ਸਾਬਤ ਨਹੀਂ ਹੋ ਸਕਦੇ। ਦੋਹਾਂ ਨੇ ਲੁੱਟ ਤੋਂ ਬਿਨਾਂ ਕੁਝ ਨਹੀਂ ਕੀਤਾ। ਉਹ ਇੱਥੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮਨੋਜ ਤਿਵਾੜੀ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਝੂਠ ਦੇ ਪੁਲੰਦੇ ਹਨ। ਕਾਂਗਰਸ ਨੇ ਬਹੁਤ ਘਪਲੇ ਕੀਤੇ ਹਨ। ਕੁੜੀਆਂ ਦੀ ਸ਼ਗਨ ਸਕੀਮ ਦੇ ਪੈਸੇ, ਗਰੀਬ ਬੱਚਿਆਂ ਦੀ ਸਕਾਲਰਸ਼ਿਪ ਦੇ ਪੈਸੇ ਅਤੇ ਗਰੀਬਾਂ ਲਈ ਕੇਂਦਰ ਵੱਲੋਂ ਭੇਜਿਆ ਰਾਸ਼ਨ ਵੀ ਪੰਜਾਬ ਦੀ ਕਾਂਗਰਸ ਸਰਕਾਰ ਡਕਾਰ ਗਈ ਹੈ। ਉਨ੍ਹਾਂ ਫਗਵਾੜਾ ਵਾਸੀਆਂ ਨੂੰ ਸਾਂਪਲਾ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ। ਇਸ ਮੌਕੇ ਵਿਜੈ ਸਾਂਪਲਾ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਗਰੀਬਾਂ ਅਤੇ ਮਜ਼ਦੂਰਾਂ ਲਈ ਵੱਡੇ ਕਾਰਜ ਕਰਵਾਏ ਹਨ ਅਤੇ ਅਜਿਹੇ ਕਾਰਜ ਪੰਜਾਬ ਵਿਚ ਵੀ ਹੋਣਗੇ।